ਮਹਿਲਾ ਸਸ਼ਕਤੀਕਰਨ ਨਾਲ ਹੀ ਸਮਾਜ ਤੇ ਦੇਸ਼ ਦੀ ਅਸਲ ਤਰੱਕੀ ਸੰਭਵ : ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 26 ਸ਼ਖ਼ਸੀਅਤਾਂ ਦਾ ਸਨਮਾਨ,
Publish Date: Tue, 31 Mar 2026 07:14 PM (IST)
Updated Date: Wed, 01 Apr 2026 04:13 AM (IST)

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 26 ਸ਼ਖ਼ਸੀਅਤਾਂ ਦਾ ਸਨਮਾਨ, ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ ਦਿਸ਼ਾ ਵੂਮੈੱਨ ਵੈਲਫੇਅਰ ਟਰੱਸਟ ਵੱਲੋਂ ਛੇਵੇਂ ਦਿਸ਼ਾ ਇੰਡੀਅਨ ਐਵਾਰਡਜ਼-2026 ਦਾ ਮੁਹਾਲੀ ਵਿਖੇ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਟਰੱਸਟ ਦੀ ਪ੍ਰਧਾਨ ਸ੍ਰੀਮਤੀ ਹਰਦੀਪ ਕੌਰ ਨੇ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵੱਖ-ਵੱਖ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ 26 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ ਜਦੋਂਕਿ ਵਿਜ਼ਨਰੀ ਆਗੂ ਰਸ਼ਪਾਲ ਸਿੰਘ, ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਅਤੇ ਗਗਨਦੀਪ ਸਿੰਘ ਵਿਰਕ (ਡਾਇਰੈਕਟਰ, ਕਰੋਸਸਮਾਈਲ ਇਨਸ਼ੋਰੈਂਸ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਿਦਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਿਰਫ਼ ਇਕ ਵਿਚਾਰ ਨਹੀਂ, ਸਗੋਂ ਸਮਾਜ ਦੀ ਤਰੱਕੀ ਦਾ ਮੂਲ ਆਧਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਔਰਤਾਂ ਆਤਮਨਿਰਭਰ ਬਣਦੀਆਂ ਹਨ, ਤਾਂ ਪਰਿਵਾਰ ਮਜ਼ਬੂਤ ਹੁੰਦੇ ਹਨ ਅਤੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਆਉਂਦਾ ਹੈ। ਉਨ੍ਹਾਂ ਨੇ ਦਿਸ਼ਾ ਵੂਮੈੱਨ ਵੈੱਲਫੇਅਰ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਕੇਵਲ ਸਨਮਾਨ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਮਹਿਲਾਵਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਖ਼ੁਦਮੁਖਤਿਆਰ ਬਣਾਉਣ ਵੱਲ ਵੀ ਢੁੱਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਦਿਸ਼ਾ ਟਰੱਸਟ ਵੱਲੋਂ ਕਈ ਕੁੜੀਆਂ ਨੂੰ ਨੌਕਰੀਆਂ ਦੇ ਕੇ ਉਨ੍ਹਾਂ ਦੇ ਜੀਵਨ ਵਿਚ ਨਵਾਂ ਵਿਸ਼ਵਾਸ ਪੈਦਾ ਕੀਤਾ ਗਿਆ ਹੈ, ਜੋ ਮਹਿਲਾ ਸਸ਼ਕਤੀਕਰਨ ਦੀ ਸਚੀ ਮਿਸਾਲ ਹੈ। ਉਨ੍ਹਾਂ ਅਨੁਸਾਰ ਅਜਿਹੇ ਯਤਨ ਸਮਾਜ ਵਿਚ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਬਣਦੇ ਹਨ। ਐਵਾਰਡ ਪ੍ਰਾਪਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪ੍ਰਸਿੱਧ ਫਿਲਮੀ ਅਦਾਕਾਰਾ ਸਾਵਨ ਰੂਪਾਵਲੀ, ਮਨਦੀਪ ਕੌਰ ਟਾਂਗਰਾ, ਸਾਜ ਸਿਨੇ ਪ੍ਰੋਡਕਸ਼ਨ ਦੇ ਡਾਇਰੈਕਟਰ ਅੰਗਦ ਸਚਦੇਵਾ, ਵਾਈਬੀਟੀਸੀ ਦੇ ਡਾਇਰੈਕਟਰ ਕਪਿਲ ਸ਼ਰਮਾ, ਸੀਜੀਸੀ ਯੂਨੀਵਰਸਿਟੀ (ਨਾਰਥ ਇੰਡੀਆ ਦੀ ਬਿਹਤਰੀਨ ਯੂਨੀਵਰਸਿਟੀ), ਡਾ. ਇੰਦਰਪ੍ਰੀਤ ਕੌਰ ਦਰਦੀ, ਡਾ. ਜਸਵਿੰਦਰ ਕੌਰ ਦਰਦੀ, ਨਿਮੀ ਸਿੰਘ, ਵਰਦਾਨ ਆਯੁਰਵੇਦਾ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਅਤੇ ਲਕਸ਼ਮਣ ਸਿੰਘ ਮਲੂਕਾ ਦੇ ਨਾਮ ਖ਼ਾਸ ਤੌਰ ’ਤੇ ਜ਼ਿਕਰਯੋਗ ਹਨ। ਅਖ਼ੀਰ ਵਿਚ ਦਿਸ਼ਾ ਵੂਮੈੱਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਸ੍ਰੀਮਤੀ ਹਰਦੀਪ ਕੌਰ ਨੇ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਸੰਸਥਾ ਦੇ ਮੈਂਬਰਾਂ ਦੇ ਸਿਰ ਬੰਨਦਿਆਂ ਕਿਹਾ ਕਿ ਟੀਮ ਮੈਂਬਰਾਂ ਨੇ ਮਹਿਜ਼ ਇਕ ਦਿਨ ਦੇ ਵਿਚ ਹੀ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਦਿਆਂ 100 ਫ਼ੀਸਦ ਯੋਗਦਾਨ ਪਾਇਆ।