ਚੀਮਾ ਦਾ ਵਿਰੋਧੀਆਂ 'ਤੇ ਤਿੱਖਾ ਹਮਲਾ: 75 ਸਾਲਾਂ ਦੇ ਰਾਜ 'ਤੇ ਭਾਰੀ ਪਏ 'ਆਪ' ਦੇ 4 ਸਾਲ; ਕਾਂਗਰਸ ਤੇ ਭਾਜਪਾ ਨੂੰ ਲਿਆ ਲੰਮੇ ਹੱਥੀਂ!
ਆਬਕਾਰੀ, ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਦੇ 75 ਸਾਲਾਂ ਦੇ ਕਾਰਜਕਾਲ ’ਤੇ ਆਮ ਆਦਮੀ ਪਾਰਟੀ ਦੇ ਚਾਰ ਸਾਲ ਭਾਰੀ ਪੈ ਰਹੇ ਹਨ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫ਼ਤਿਆਂ ਵਿਚ ਨਸ਼ਾ ਮੁਕਤੀ ਦਾ ਵਾਅਦਾ ਕੀਤਾ ਸੀ। ਨਾਅਰਾ ਸੀ ਕਰਜ਼ਾ ਕੁਰਕੀ ਮਾਫ਼ ਅਤੇ ਘਰ-ਘਰ ਰੁਜ਼ਗਾਰ ਦਾ, ਪਰ ਹੋਇਆ ਕੁਝ ਵੀ ਨਹੀਂ। ਇਹ ਸਿਰਫ਼ ਇਕ ਜੁਮਲਾ ਹੀ ਬਣ ਕੇ ਰਹਿ ਗਿਆ।’
Publish Date: Sat, 18 Apr 2026 11:10 AM (IST)
Updated Date: Sat, 18 Apr 2026 11:12 AM (IST)

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਆਬਕਾਰੀ, ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਦੇ 75 ਸਾਲਾਂ ਦੇ ਕਾਰਜਕਾਲ ’ਤੇ ਆਮ ਆਦਮੀ ਪਾਰਟੀ ਦੇ ਚਾਰ ਸਾਲ ਭਾਰੀ ਪੈ ਰਹੇ ਹਨ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫ਼ਤਿਆਂ ਵਿਚ ਨਸ਼ਾ ਮੁਕਤੀ ਦਾ ਵਾਅਦਾ ਕੀਤਾ ਸੀ। ਨਾਅਰਾ ਸੀ ਕਰਜ਼ਾ ਕੁਰਕੀ ਮਾਫ਼ ਅਤੇ ਘਰ-ਘਰ ਰੁਜ਼ਗਾਰ ਦਾ, ਪਰ ਹੋਇਆ ਕੁਝ ਵੀ ਨਹੀਂ। ਇਹ ਸਿਰਫ਼ ਇਕ ਜੁਮਲਾ ਹੀ ਬਣ ਕੇ ਰਹਿ ਗਿਆ।’ ਵਿੱਤ ਮੰਤਰੀ ਸ਼ੁੱਕਰਵਾਰ ਨੂੰ
ਦੈਨਿਕ ਜਾਗਰਣ ਤੇ
ਪੰਜਾਬੀ ਜਾਗਰਣ ਵੱਲੋਂ ਕਰਵਾਏ ਗਏ
‘ਜਾਗਰਣ ਵਿਮਰਸ਼’ ਪ੍ਰੋਗਰਾਮ ’ਚ ਹਿੱਸਾ ਲੈ ਰਹੇ ਸਨ। ‘ਮੁਫ਼ਤ ਬੀਜ ਬਨਾਮ ਵਿੱਤੀ ਅਨੁਸ਼ਾਸਨ’ ਵਿਸ਼ੇ ’ਤੇ ਕਰਵਾਏ ਗਏ ਸੈਸ਼ਨ ਵਿਚ ਹਿੱਸਾ ਲੈਂਦਿਆਂ ਚੀਮਾ ਨੇ ਕਿਹਾ, ‘ਪੰਜਾਬ ਵਿਚ ਪਹਿਲੀ ਵਾਰ ਕੈਪੀਟਲ ਐਕਸਪੈਂਡੀਚਰ ਦਾ ਬਜਟ 56,000 ਕਰੋੜ ਰੁਪਏ ਦਾ ਰੱਖਿਆ ਗਿਆ ਹੈ, ਜਦਕਿ ਪਿਛਲੀਆਂ ਸਰਕਾਰਾਂ ਵਿਚ ਇਹ ਕਦੇ ਵੀ 20,000 ਕਰੋੜ ਤੋਂ ਉੱਪਰ ਨਹੀਂ ਗਿਆ।’
ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ’ਤੇ ਹਮਲਾ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ, ‘ਹਰਿਆਣਾ ਦੇ ਮੁੱਖ ਮੰਤਰੀ ਅੱਜਕੱਲ੍ਹ ਪੰਜਾਬ ਵਿਚ ਬਹੁਤ ਘੁੰਮ ਰਹੇ ਹਨ। ਅੱਜ ਵੀ ਉਹ ਪੰਜਾਬ ਵਿਚ ਹੀ ਸਨ, ਜਦਕਿ ਹਰਿਆਣਾ ਵਿਚ ਮੁੱਖ ਮੰਤਰੀ ਦੇ ਆਪਣੇ ਹੀ ਵਿਭਾਗ ਵਿਚ 700 ਕਰੋੜ ਰੁਪਏ ਦਾ ਘੁਟਾਲਾ ਹੋਇਆ। ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਈ-ਡਿਪਾਜ਼ਿਟ ਸਿਸਟਮ ਸ਼ੁਰੂ ਹੋ ਗਿਆ ਸੀ।’
‘ਆਪ’ ਦਾ ਮਾਡਲ ਅਪਣਾ ਰਹੀ ਹੈ ਭਾਜਪਾ
ਮੁਫ਼ਤ ਯੋਜਨਾਵਾਂ ਬਾਰੇ ਉੱਠੇ ਸਵਾਲਾਂ ਦੇ ਜਵਾਬ ਵਿਚ ਚੀਮਾ ਨੇ ਕਿਹਾ, ‘ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਮਾਜ ਦਾ ਇਕ ਵੱਡਾ ਵਰਗ ਅਜਿਹਾ ਹੈ ਜਿਸ ਨੂੰ ਆਰਥਿਕ ਆਜ਼ਾਦੀ ਨਹੀਂ ਮਿਲੀ ਜਿਸ ਕਾਰਨ ਉਹ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਥੇ ਰਹਿ ਗਏ। ਜੇਕਰ ਇਕ ਗਰੀਬ ਦੇ ਘਰ ਵਿਚ ਬਲਬ ਬਲੇਗਾ ਤਾਂ ਉਸ ਦੇ ਬੱਚੇ ਪੜ੍ਹਨਗੇ। ਪੜ੍ਹਨਗੇ ਤਾਂ ਤਰੱਕੀ ਕਰਨਗੇ। ਪੰਜਾਬ ਸਰਕਾਰ ਲੋਕਾਂ ਨੂੰ ਆਰਥਿਕ ਆਜ਼ਾਦੀ ਦੇ ਰਹੀ ਹੈ। ਫਿਰ ਚਾਹੇ ਉਹ 300 ਯੂਨਿਟ ਮੁਫ਼ਤ ਬਿਜਲੀ ਦੇ ਰੂਪ ਵਿਚ ਹੋਵੇ ਜਾਂ ਔਰਤਾਂ ਨੂੰ 1000 ਤੇ 1500 ਰੁਪਏ ਆਰਥਿਕ ਸਹਾਇਤਾ ਦੇਣ ਦਾ ਹੋਵੇ।’ ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੀ ‘ਆਪ’ ਦਾ ਮਾਡਲ ਅਪਣਾ ਰਹੀ ਹੈ।
ਕਰਜ਼ਾ ਵਿਕਾਸ ਲਈ ਹੈ ਤਾਂ ਗ਼ਲਤ ਨਹੀਂ
ਵਿੱਤ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਜਿਸ ’ਤੇ ਕਰਜ਼ਾ ਨਾ ਹੋਵੇ। ਫਿਰ ਚਾਹੇ ਉਹ ਅਮਰੀਕਾ ਹੋਵੇ ਜਾਂ ਕੈਨੇਡਾ ਜਾਂ ਫਿਰ ਜਰਮਨੀ। 2014 ਵਿਚ ਜਦੋਂ ਮੋਦੀ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਸੀ, ਉਦੋਂ ਦੇਸ਼ ’ਤੇ 55,000 ਲੱਖ ਕਰੋੜ ਦਾ ਕਰਜ਼ਾ ਸੀ ਜਦਕਿ ਅੱਜ 212 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਹਰਿਆਣਾ ’ਤੇ ਦਸ ਸਾਲ ਪਹਿਲਾਂ 70,000 ਕਰੋੜ ਰੁਪਏ ਦਾ ਕਰਜ਼ਾ ਸੀ ਜਦਕਿ ਅੱਜ 3 ਲੱਖ 74 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਚੀਮਾ ਨੇ ਕਿਹਾ, ‘ਕਰਜ਼ਾ ਦੋ ਕਿਸਮਾਂ ਦਾ ਹੁੰਦਾ ਹੈ- ਇਕ ਚੰਗਾ ਤੇ ਇਕ ਬੁਰਾ। ਜੇਕਰ ਤੁਹਾਡੇ ਕੋਲ 100 ਏਕੜ ਜ਼ਮੀਨ ਹੈ ਅਤੇ ਤੁਸੀਂ 20 ਏਕੜ ਜ਼ਮੀਨ 'ਤੇ ਕਰਜ਼ਾ ਲਿਆ ਹੈ ਤਾਂ ਉਹ ਆਪਣੇ ਵਿਕਾਸ ਲਈ ਹੈ, ਪਰ ਜੇਕਰ ਤੁਸੀਂ 80 ਏਕੜ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਲਿਆ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਕਾਸ ਦੀ ਰਾਹ ’ਤੇ ਹੈ।’
ਜੀਐੱਸਟੀ, ਐਕਸਾਈਜ਼ ਤੇ ਸਟੈਂਪ ਡਿਊਟੀ ’ਚ 100 ਫ਼ੀਸਦੀ ਵਾਧਾ
ਹਰਪਾਲ ਚੀਮਾ ਨੇ ਪੰਜਾਬ ਵਿਚ ਆਰਥਿਕ ਮਜ਼ਬੂਤੀ ਦਾ ਵੇਰਵਾ ਪੇਸ਼ ਕਰਦਿਆਂ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜੀਐੱਸਟੀ, ਐਕਸਾਈਜ਼ ਤੇ ਸਟੈਂਪ ਡਿਊਟੀ ਵਿਚ 100 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਸਭ ਕੁਝ ਇਸ ਲਈ ਹੋ ਸਕਿਆ ਕਿਉਂਕਿ ਸੂਬੇ ਵਿਚ ਇਕ ਇਮਾਨਦਾਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਪਹਿਲਾਂ ਐਕਸਾਈਜ਼ ਤੋਂ 6151 ਕਰੋੜ ਰੁਪਏ ਇਕੱਠੇ ਹੁੰਦੇ ਸਨ ਜੋ ਹੁਣ ਵਧ ਕੇ 12,800 ਕਰੋੜ ਹੋ ਗਏ ਹਨ। ਜੀਐੱਸਟੀ ਕੁਲੈਕਸ਼ਨ 1.20 ਲੱਖ ਕਰੋੜ ਨੂੰ ਪਾਰ ਕਰ ਰਿਹਾ ਹੈ। ਟੈਕਸ ਕੁਲੈਕਸ਼ਨ ਲਾਗੂ ਕਰਨ ਵਿਚ ਪੰਜਾਬ ਦੇਸ਼ ਵਿਚ ਨੰਬਰ 1 ਜਾਂ 2 ਦੀ ਸ਼੍ਰੇਣੀ ਵਿਚ ਆਉਂਦਾ ਹੈ।