- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਨਾਂ ਚੱਲੇ ਹੀ ਕੰਡਮ ਹੋਣ ਦੀ ਕਾਗਾਰ ’ਤੇ ਪੁੱਜੀ ਸੀਐੱਚਸੀ ਢਕੌਲੀ ਦੀ ਐਂਬੂਲੈਂਸ

- ਸਰਕਾਰੀ ਅਣਦੇਖੀ ਦਾ ਸ਼ਿਕਾਰ ਬਣੀ ਅਹਿਮ ਸਿਹਤ ਸਹੂਲਤ
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਢਕੌਲੀ ਸਰਕਾਰੀ ਹਸਪਤਾਲ ਵਿਚ ਖੜ੍ਹੀ ਇਕ ਐਂਬੂਲੈਂਸ ਬਿਨਾਂ ਚੱਲੇ ਹੀ ਕੰਡਮ ਹੋਣ ਦੀ ਕਾਗਾਰ ਪਹੁੰਚ ਚੁੱਕੀ ਹੈ। ਕੋਰੋਨਾ ਕਾਲ ਦੌਰਾਨ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਵੱਲੋਂ ਜਨਹਿੱਤ ਵਿਚ ਹਸਪਤਾਲ ਨੂੰ ਦਿੱਤੀ ਗਈ ਇਹ ਐਂਬੂਲੈਂਸ ਅੱਜ ਸਿਸਟਮ ਦੀ ਲਾਪਰਵਾਹੀ ਅਤੇ ਸਰਕਾਰੀ ਅਣਦੇਖੀ ਦੀ ਸਪੱਸ਼ਟ ਮਿਸਾਲ ਬਣੀ ਹੋਈ ਹੈ। ਜਿਸ ਸਹੂਲਤ ਨੂੰ ਐਮਰਜੈਂਸੀ ਹਾਲਤਾਂ ਵਿਚ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਵਰਤਿਆ ਜਾਣਾ ਸੀ, ਉਹ ਅੱਜ ਹਸਪਤਾਲ ਦੇ ਇਕ ਖੂਜੇ ਵਿਚ ਖੜ੍ਹੀ ਧੂੜ ਫੱਕ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਪੌਣੇ ਛੇ ਸਾਲ ਬੀਤ ਜਾਣ ਦੇ ਬਾਵਜੂਦ ਇਹ ਐਂਬੂਲੈਂਸ ਸਿਰਫ਼ 3398 ਕਿਲੋਮੀਟਰ ਹੀ ਚੱਲ ਸਕੀ ਹੈ। ਸਰਕਾਰੀ ਨਿਯਮਾਂ ਅਨੁਸਾਰ ਐਂਬੂਲੈਂਸ ਵਾਹਨ ਦੀ ਨਿਰਧਾਰਤ ਸਮੇਂ ਅੰਦਰ ਸਰਵਿਸ ਹੋਣੀ ਲਾਜ਼ਮੀ ਹੁੰਦੀ ਹੈ, ਪਰ ਇਸ ਐਂਬੂਲੈਂਸ ਦੀ ਅੱਜ ਤੱਕ ਕੰਪਨੀ ਤੋਂ ਪਹਿਲੀ ਸਰਵਿਸ ਵੀ ਨਹੀਂ ਹੋਈ, ਜੋ ਪੰਜ ਹਜ਼ਾਰ ਕਿਲੋਮੀਟਰ ’ਤੇ ਕਰਵਾਈ ਜਾਣੀ ਹੁੰਦੀ ਹੈ। ਲੰਮੇ ਸਮੇਂ ਤੱਕ ਬਿਨਾਂ ਵਰਤੋਂ ਖੜ੍ਹੀ ਰਹਿਣ ਕਾਰਨ ਹੁਣ ਗੱਡੀ ਦੀ ਤਕਨੀਕੀ ਹਾਲਤ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ।
ਹਸਪਤਾਲ ਪ੍ਰਬੰਧਨ ਅਨੁਸਾਰ ਐਂਬੂਲੈਂਸ ਲਈ ਡਰਾਈਵਰ ਦੀ ਕੋਈ ਮਨਜ਼ੂਰਸ਼ੁਦਾ ਪੋਸਟ ਨਹੀਂ ਹੈ, ਜਿਸ ਕਾਰਨ ਇਹ ਵਾਹਨ ਨਿਯਮਤ ਤੌਰ 'ਤੇ ਚਲਾਇਆ ਹੀ ਨਹੀਂ ਜਾ ਸਕਿਆ। ਸਰਕਾਰੀ ਰਿਕਾਰਡਾਂ ਮੁਤਾਬਕ ਇਹ ਐਂਬੂਲੈਂਸ ਅਕਤੂਬਰ 2024 ਵਿਚ ਆਖ਼ਰੀ ਵਾਰ ਚੱਲੀ ਸੀ, ਪਰ ਹਸਪਤਾਲ ਸਟਾਫ਼ ਦਾ ਕਹਿਣਾ ਹੈ ਕਿ ਹਕੀਕਤ ਵਿਚ ਪਿਛਲੇ ਤਿੰਨ ਸਾਲਾ ਤੋਂ ਇਹ ਗੱਡੀ ਇਕੋ ਥਾਂ ਖੜ੍ਹੀ ਹੈ। ਲਗਾਤਾਰ ਨਾ ਚੱਲਣ ਕਾਰਨ ਟਾਇਰਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ, ਬੈਟਰੀ ਡੈੱਡ ਹੋ ਚੁੱਕੀ ਹੈ ਅਤੇ ਹੋਰ ਅਹਿਮ ਪੁਰਜਿਆਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ, ਜਿਸ ਨਾਲ ਇਹ ਐਂਬੂਲੈਂਸ ਜਲਦ ਹੀ ਪੂਰੀ ਤਰ੍ਹਾਂ ਕੰਡਮ ਹੋ ਸਕਦੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਮਾਮਲਿਆਂ ਵਿਚ ਮਰੀਜ਼ਾਂ ਨੂੰ ਨਿੱਜੀ ਵਾਹਨਾਂ ਜਾਂ ਮਹਿੰਗੀਆਂ ਪ੍ਰਾਈਵੇਟ ਐਂਬੂਲੈਂਸਾਂ ਰਾਹੀਂ ਹਸਪਤਾਲ ਲਿਜਾਣਾ ਪੈਂਦਾ ਹੈ, ਜੋ ਆਮ ਪਰਿਵਾਰਾਂ ਲਈ ਵੱਡਾ ਆਰਥਿਕ ਬੋਝ ਬਣਦਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਹਸਪਤਾਲ ਵਿਚ ਐਂਬੂਲੈਂਸ ਮੌਜੂਦ ਹੈ, ਤਾਂ ਉਸ ਦਾ ਵਰਤੋਂ ਤੋਂ ਬਾਹਰ ਰਹਿਣਾ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਇਸ ਮਾਮਲੇ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਵੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਵਰਕਰਾਂ ਦਾ ਦੋਸ਼ ਹੈ ਕਿ ਸਰਕਾਰ ਸਿਹਤ ਸਹੂਲਤਾਂ ਨੂੰ ਲੈ ਕੇ ਸਿਰਫ਼ ਕਾਗ਼ਜ਼ੀ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਪੱਧਰ 'ਤੇ ਅਹਿਮ ਸਹੂਲਤਾਂ ਬੇਕਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਜਨਹਿੱਤ ਵਿਚ ਦਿੱਤੀ ਗਈ ਐਂਬੂਲੈਂਸ ਨੂੰ ਚਲਾਉਣ ਲਈ ਸਰਕਾਰ ਇਕ ਡਰਾਈਵਰ ਤੱਕ ਦਾ ਪ੍ਰਬੰਧ ਨਹੀਂ ਕਰ ਸਕੀ। ਫਿਲਹਾਲ, ਕਰੋਨਾ ਕਾਲ ਦੌਰਾਨ ਲੋਕਾਂ ਲਈ ਜੀਵਨਦਾਨ ਸਹੂਲਤ ਬਣ ਕੇ ਆਈ ਇਹ ਐਂਬੂਲੈਂਸ ਅੱਜ ਸਰਕਾਰੀ ਅਣਦੇਖੀ ਦੀ ਮੂਕ ਗਵਾਹ ਬਣੀ ਹੋਈ ਹੈ। ਇਸ ਸਬੰਧੀ ਹਸਪਤਾਲ ਦੇ ਐੱਸਐੱਮਓ ਗਗਨਦੀਪ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਐਂਬੂਲੈਂਸ ਦੀ ਮੌਜੂਦਾ ਹਾਲਤ ਅਤੇ ਡਰਾਈਵਰ ਦੀ ਕਮੀ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਐਂਬੂਲੈਂਸ ਨੂੰ ਕੰਡਮ ਕਰਨ ਜਾਂ ਦੁਬਾਰਾ ਚਲਾਉਣ ਸਬੰਧੀ ਫ਼ੈਸਲਾ ਡੀਐੱਮਸੀ ਵੱਲੋਂ ਹੀ ਲਿਆ ਜਾਣਾ ਹੈ। ਹਸਪਤਾਲ ਪੱਧਰ 'ਤੇ ਇਸ ਮਾਮਲੇ ਵਿਚ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਜਾ ਸਕਦਾ।