ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਚੰਡੀਗੜ੍ਹ ਦੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Publish Date: Mon, 05 Jan 2026 09:36 PM (IST)
Updated Date: Mon, 05 Jan 2026 09:38 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੀਤੇ ਦਿਨੀਂ ਬੜਮਾਜਰਾ ਗਰਾਊਂਡ ਨੇੜੇ ਕੁਝ ਵਿਅਕਤੀਆਂ ਵੱਲੋਂ ਚੰਡੀਗੜ੍ਹ ਦੇ ਰਹਿਣ ਵਾਲੇ ਇਕ ਨੌਜਵਾਨ ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਅਨੂਪ ਵਾਸੀ ਸੈਕਟਰ 56, ਚੰਡੀਗੜ੍ਹ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਨੂਪ ਆਪਣੇ ਸਕੂਟਰ ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ। ਜਿਵੇਂ ਹੀ ਉਹ ਬੜਮਾਜਰਾ ਗਰਾਊਂਡ ਨੇੜੇ ਪਹੁੰਚਿਆ, ਤਾਂ ਅਮਿਤ ਉਰਫ਼ ਦਾਦੂ, ਸੂਰਜ ਅਤੇ ਉਨ੍ਹਾਂ ਦੇ ਕੁਝ ਅਣਪਛਾਤੇ ਸਾਥੀਆਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਅਨੂਪ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਹਮਲੇ ਤੋਂ ਤੁਰੰਤ ਬਾਅਦ ਜ਼ਖ਼ਮੀ ਅਨੂਪ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ), ਸੈਕਟਰ 16 ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਅਨੂਪ ਦੀ ਸ਼ਿਕਾਇਤ ਦੇ ਆਧਾਰ ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 115(2), 118(1), 126(2), 351(2), 191(3) ਅਤੇ 190 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਮੁੱਖ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਬਾਕੀ ਫ਼ਰਾਰ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ ਤਾਂ ਜੋ ਹਮਲੇ ਦੇ ਕਾਰਨਾਂ ਅਤੇ ਸਾਰੇ ਮੁਲਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਸਕੇ।