ਚੰਡੀਗੜ੍ਹ ਯੂਨੀਵਰਸਿਟੀ ਦਾ 5ਵੀਂ ਵਾਰ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ, ਏਆਈਯੂ ਨੈਸ਼ਨਲ ਯੂਥ ਫ਼ੈਸਟੀਵਲ 2026 ਵਿਚ ਜਗ੍ਹਾ ਕੀਤੀ ਪੱਕੀ
ਚੰਡੀਗੜ੍ਹ ਯੂਨੀਵਰਸਿਟੀ ਦਾ 5ਵੀਂ ਵਾਰ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ
Publish Date: Sun, 11 Jan 2026 05:40 PM (IST)
Updated Date: Sun, 11 Jan 2026 05:42 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਸੀਯੂ ਨੇ ਐਸੋਈਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਵੱਲੋਂ ਕਰਵਾਏ ਗਏ 39ਵੇਂ ਏਆਈਯੂ ਨੌਰਥ ਜ਼ੋਨ ਯੂਥ ਫੈਸਟੀਵਲ ਵਿਚ ਓਵਰਆਲ ਟਰਾਫ਼ੀ ਨੂੰ ਆਪਣੇ ਨਾਮ ਕੀਤਾ ਹੈ। ਦੱਸ ਦਈਏ ਕਿ 39ਵੇਂ ਏਆਈਯੂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫੈਸਟੀਵਲ ਦੀ ਮੇਜ਼ਬਾਨੀ ਚਿਤਕਾਰਾ ਯੂਨੀਵਰਸਿਟੀ ਵੱਲੋਂ ਕੀਤੀ ਗਈ ਸੀ। ਇਸ ਵਿਚ ਸੀਯੂ ਦੀ ਟੀਮ ਨੇ ਸੰਗੀਰ, ਨ੍ਰਿਤ, ਥੀਏਟਰ, ਫਾਈਨ ਆਰਟਸ ਅਤੇ ਲਿਟਰੇਰੀ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਏਆਈਯੂ 39ਵੇਂ ਨੈਸ਼ਨਲ ਯੂਥ ਫੈਸਟੀਵਲ 2026 ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜੋ ਕਿ 10-14 ਮਾਰਚ ਤੱਕ ਚੇਨਈ (ਤਾਮਿਲਨਾਡੂ) ਵਿਖੇ ਸੱਤਿਆਭਾਮਾ ਇੰਸਟੀਚਿਊਟ ਆਫ਼ ਸਾਇੰਸ ਐਂਡ ਤਕਨਾਲੋਜੀ ਚ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਜ਼ੋਨਲ ਯੂਥ ਫੈਸਟੀਵਲ ਵਿਚ ਸਾਰੇ ਈਵੈਂਟਸ ਵਿਚ ਸਿਰਫ਼ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਹੀ ਕੌਮੀ ਪੱਧਰੀ ਯੂਥ ਫੈਸਟੀਵਲ ਵਿਚ ਹਿੱਸਾ ਲੈਣ ਲਈ ਯੋਗ ਹਨ। ਇਹ ਪੰਜਵੀਂ ਵਾਰ ਹੈ, ਜਦੋਂ ਚੰਡੀਗੜ੍ਹ ਯੂਨੀਵਰਸਿਟੀ ਨੇ ਓਵਰਆਲ ਨੌਰਥ ਜ਼ੋਨ ਏਆਈਯੂ ਟਰਾਫ਼ੀ ਜਿੱਤੀ ਹੈ। ਥੀਏਟਰ, ਨ੍ਰਿਤ, ਸੰਗੀਤ, ਸਾਹਿਤ ਅਤੇ ਫਾਈਨ ਆਰਟਸ ਦੀਆਂ ਪੰਜ ਸ਼੍ਰੇਣੀਆਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ ਸੰਗੀਤ, ਸਾਹਿਤ ਅਤੇ ਫਾਈਨ ਆਰਟਸ ਵਿਚ ਓਵਰਆਲ ਟਰਾਫ਼ੀ ਜਿੱਤੀ। ਚੰਡੀਗੜ੍ਹ ਯੂਨੀਵਰਸਿਟੀ ਨੇ ਕਲਚਰਲ ਪ੍ਰਸੈਸ਼ਨ ਵਿਚ ਤੀਜੀ ਓਵਰਆਲ ਟਰਾਫ਼ੀ ਅਤੇ ਨ੍ਰਿਤ ਵਿਚ ਵੀ ਤੀਜੀ ਓਵਰਆਲ ਟਰਾਫ਼ੀ ਜਿੱਤੀ। ਚੰਡੀਗੜ੍ਹ ਯੂਨੀਵਰਸਿਟੀ ਦੀ 60 ਵਿਦਿਆਰਥੀਆਂ ਦੀ ਟੀਮ ਨੇ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਕੁੱਲ 28 ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਨੌਰਥ ਜ਼ੋਨ ਯੂਥ ਫੈਸਟੀਵਲ ਵਿਚ ਉੱਤਰ ਭਾਰਤ ਦੀਆਂ 22 ਯੂਨੀਵਰਸਿਟੀਆਂ ਨੇ ਭਾਗ ਲਿਆ ਸੀ। ਕੁੱਲ ਮਿਲ ਕੇ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ, ਉੱਤਰਾਖੰਡ ਅਤੇ ਚੰਡੀਗੜ੍ਹ ਦੇ 1100 ਵਿਦਿਆਰਥੀਆਂ ਨੇ ਪੰਜ ਦਿਨਾ ਯੂਥ ਫੈਸਟੀਵਲ ਵਿਚ ਹਿੱਸਾ ਲਿਆ ਸੀ, ਜੋ ਕਿ 6 ਜਨਵਰੀ ਨੂੰ ਸ਼ੁਰੂ ਹੋਇਆ ਅਤੇ 10 ਜਨਵਰੀ ਨੂੰ ਸਮਾਪਤ ਹੋਇਆ। ਯੂਨੀਵਰਸਿਟੀ ਦੀ ਇਸ ਪ੍ਰਾਪਤੀ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, ਇਹ ਚੰਡੀਗੜ੍ਹ ਯੂਨੀਵਰਸਿਟੀ ਲਈ ਬਹੁਤ ਹੀ ਸਨਮਾਨ ਵਾਲੀ ਗੱਲ ਹੈ ਕਿ ਉਸ ਨੇ ਇਸ ਸਾਲ 5ਵੀਂ ਵਾਰ ਓਵਰਆਲ ਨੌਰਥ ਜ਼ੋਨ ਏਆਈਯੂ ਟਰਾਫ਼ੀ ਜਿੱਤੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਵੱਕਾਰੀ ਮੁਕਾਬਲੇ ਵਿਚ ਕਈ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ, ਜੋ ਕਿ ਵਿਦਿਆਰਥੀਆਂ ਦੀ ਵਿਲੱਖਣ ਬਹੁਮੁਖੀ ਪ੍ਰਤੀਭਾ ਦਾ ਸਬੂਤ ਹੈ।