ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ 'ਤੇ ਚੰਡੀਗੜ੍ਹ 'ਚ ਸਜੀਆਂ ਰੌਣਕਾਂ; ਵਿਦਵਾਨਾਂ ਨੇ ਗੁਰੂ ਸਾਹਿਬ ਦੇ ਰਾਜਨੀਤਕ ਤੇ ਸਮਾਜਿਕ ਫਲਸਫੇ 'ਤੇ ਪਾਇਆ ਚਾਨਣਾ
ਸੈਕਟਰ 28-ਏ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ 'ਮੂਲ ਨਾਨਕਸ਼ਾਹੀ ਕੈਲੰਡਰ' ਅਨੁਸਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪੰਥਕ ਵਿਦਵਾਨਾਂ ਨੇ ਸ਼ਿਰਕਤ ਕੀਤੀ।
Publish Date: Thu, 16 Apr 2026 04:47 PM (IST)
Updated Date: Thu, 16 Apr 2026 04:49 PM (IST)

ਚੰਡੀਗੜ੍ਹ : ਸੈਕਟਰ 28-ਏ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ 'ਮੂਲ ਨਾਨਕਸ਼ਾਹੀ ਕੈਲੰਡਰ' ਅਨੁਸਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪੰਥਕ ਵਿਦਵਾਨਾਂ ਨੇ ਸ਼ਿਰਕਤ ਕੀਤੀ।
ਇਲਾਹੀ ਬਾਣੀ ਦੇ ਕੀਰਤਨ ਅਤੇ ਵਾਰਾਂ ਨਾਲ ਨਿਹਾਲ ਹੋਈਆਂ ਸੰਗਤਾਂ
ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ, ਦਿੱਲੀ ਦੇ ਸਿੱਖਿਆਰਥੀਆਂ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਪਾ ਕੇ ਕੀਤੀ ਗਈ। ਇਸ ਤੋਂ ਬਾਅਦ:
ਕੀਰਤਨ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ (ਦਿੱਲੀ) ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ।
ਢਾਡੀ ਵਾਰਾਂ: ਭਾਈ ਤਖ਼ਤ ਸਿੰਘ ਸਿੱਖ ਕੰਨਿਆਂ ਮਹਾਂ ਵਿਦਿਆਲਿਆ, ਬੁੱਢੇਵਾਲ (ਲੁਧਿਆਣਾ) ਦੀਆਂ ਵਿਦਿਆਰਥਣਾਂ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਪੇਸ਼ ਕਰਕੇ ਬੀਰ ਰਸ ਭਰਿਆ।
ਗੁਰੂ ਸਾਹਿਬ ਦੇ ਫਲਸਫੇ 'ਤੇ ਵਿਦਵਾਨਾਂ ਦੇ ਵਿਚਾਰ
ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ 'ਤੇ ਰੌਸ਼ਨੀ ਪਾਈ:
ਡਾ. ਪਿਆਰਾ ਲਾਲ ਗਰਗ ਨੇ ਗੁਰੂ ਸਾਹਿਬ ਦੇ ਰਾਜਨੀਤਕ ਸੰਦੇਸ਼ ਦੀ ਵਿਆਖਿਆ ਕਰਦਿਆਂ ਮੌਜੂਦਾ ਹਾਲਾਤਾਂ ਨਾਲ ਸਾਂਝ ਪਾਈ।
ਭਾਈ ਦਇਆ ਸਿੰਘ ਦਿੱਲੀ ਨੇ ਵਿਸ਼ਵ ਸ਼ਾਂਤੀ ਲਈ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਪ੍ਰਸੰਗਿਕਤਾ ਬਾਰੇ ਦੱਸਿਆ।
ਡਾ. ਖੁਸ਼ਹਾਲ ਸਿੰਘ ਨੇ ਭਾਈ ਲਾਲੋ ਅਤੇ ਮਲਕ ਭਾਗੋ ਦੇ ਪ੍ਰਸੰਗ ਰਾਹੀਂ ਅੱਜ ਦੇ ਧਾਰਮਿਕ ਤੇ ਸਿਆਸੀ ਆਗੂਆਂ ਦੇ ਕਿਰਦਾਰ 'ਤੇ ਸਵਾਲ ਖੜ੍ਹੇ ਕੀਤੇ।
ਭਾਈ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਨੇ ਕਥਾ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਪੁਸਤਕ ਰਿਲੀਜ਼ ਅਤੇ ਪ੍ਰਮੁੱਖ ਸ਼ਖ਼ਸੀਅਤਾਂ
ਇਸ ਮੁਬਾਰਕ ਮੌਕੇ 'ਖਾਲਸਾ ਪੰਥ ਦੀ ਸਿਰਜਨਾਂ ਅਤੇ ਸਿਧਾਂਤ' ਨਾਮੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਸੀਨੀਅਰ ਪੱਤਰਕਾਰ ਜਸਪਾਲ ਸਿੰਘ, ਰਾਜਵਿੰਦਰ ਸਿੰਘ ਰਾਹੀ, ਕਰਨਲ ਜਗਤਾਰ ਸਿੰਘ ਮੁਲਤਾਨੀ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਤੋਂ ਜਨਰਲ ਆਈ.ਪੀ. ਸਿੰਘ ਸਮੇਤ ਕਈ ਮਾਣਯੋਗ ਸ਼ਖ਼ਸੀਅਤਾਂ ਹਾਜ਼ਰ ਸਨ।