ਖੇਡ ਵਿਭਾਗ ਜੇਤੂ ਖਿਡਾਰੀਆਂ ਨੂੰ ਦੇਵੇਗਾ ਨਕਦ ਪੁਰਸਕਾਰ
ਖੇਡ ਵਿਭਾਗ ਨੈਸ਼ਨਲ ਅਤੇ ਇੰਟਰਨੈਸ਼ਨਲ ਮੈਡਲ ਜੇਤੂ ਖਿਡਾਰੀਆਂ ਨੂੰ ਦੇਵੇਗਾ ਨਕਦ ਪੁਰਸਕਾਰ
Publish Date: Mon, 05 Jan 2026 10:07 PM (IST)
Updated Date: Mon, 05 Jan 2026 10:08 PM (IST)
ਡਾ. ਸੁਮਿਤ ਸ਼ਿਓਰਾਨ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਵੱਲੋਂ ਖੇਡਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਯੂਟੀ ਖੇਡ ਵਿਭਾਗ ਨੇ ਨਵੀਂ ਖੇਡ ਨੀਤੀ (2023) ਤਹਿਤ ਮੈਡਲ ਜੇਤੂਆਂ ਨੂੰ ਨਕਦ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਚੰਡੀਗੜ੍ਹ ਸਪੋਰਟਸ ਕੌਂਸਲ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਪਲਾਈ ਕਰਨ ਲਈ 31 ਜਨਵਰੀ 2026 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। 1 ਅਪ੍ਰੈਲ 2024 ਤੋਂ 31 ਮਾਰਚ 2025 ਦੇ ਵਿਚਕਾਰ ਮੈਡਲ ਜਿੱਤਣ ਵਾਲੇ ਖਿਡਾਰੀ ਇਸ ਐਵਾਰਡ ਦੇ ਪਾਤਰ ਹੋਣਗੇ। ਅੰਤਰਰਾਸ਼ਟਰੀ ਜੇਤੂ ਲਈ 28 ਅਗਸਤ 2023 ਤੋਂ ਬਾਅਦ ਇੰਟਰਨੈਸ਼ਨਲ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਵੀਂ ਸਪੋਰਟਸ ਪਾਲਿਸੀ ਤਹਿਤ ਲਾਭ ਮਿਲੇਗਾ। ਖਿਡਾਰੀ ਹੁਣ ਘਰ ਬੈਠੇ ਵਿਭਾਗ ਦੀ ਵੈੱਬਸਾਈਟ www.sportsdeptt.chd.gov.in ’ਤੇ ਅਪਲਾਈ ਕਰ ਸਕਣਗੇ। ਖੇਡ ਅਧਿਕਾਰੀਆਂ ਅਨੁਸਾਰ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਕੈਟਾਗਰੀ ਵਿਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 50 ਹਜ਼ਾਰ ਤੋਂ ਲੈ ਕੇ ਇਕ ਲੱਖ 75 ਹਜ਼ਾਰ ਰੁਪਏ ਤੱਕ ਦਾ ਨਕਦ ਇਨਾਮ ਦਿੱਤਾ ਜਾਵੇਗਾ। ਅਪਲਾਈ ਕਰਨ ਤੋਂ ਬਾਅਦ ਇਕ ਪਰਫਾਰਮਾ ਜਾਰੀ ਹੋਵੇਗਾ, ਜਿਸ ਨੂੰ ਸਕੂਲ, ਕਾਲਜ ਜਾਂ ਸਬੰਧਤ ਅਧਿਕਾਰੀ ਤੋਂ ਤਸਦੀਕ ਕਰਵਾ ਕੇ ਵੈੱਬਸਾਈਟ ਤੇ ਅਪਲੋਡ ਕਰਨਾ ਹੋਵੇਗਾ।