ਨੋ ਪਾਰਕਿੰਗ ’ਚ ਖੜ੍ਹੇ 12 ਮੋਟਰਸਾਈਕਲਾਂ ਦੇ ਕੀਤੇ ਚਾਲਾਨ
ਡੇਰਾਬੱਸੀ ਪੁਲਿਸ ਦੀ ਸਖ਼ਤੀ, 'ਨੋ ਪਾਰਕਿੰਗ' ’ਚ ਖੜ੍ਹੇ 12 ਮੋਟਰਸਾਈਕਲਾਂ ਦੇ ਕੀਤੇ ਚਾਲਾਨ
Publish Date: Mon, 23 Feb 2026 05:36 PM (IST)
Updated Date: Mon, 23 Feb 2026 05:40 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਸਿਵਲ ਹਸਪਤਾਲ ਦੇ ਮੁੱਖ ਗੇਟ ਦੇ ਸਾਹਮਣੇ ਲਗਾਤਾਰ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਅਤੇ ਗ਼ਲਤ ਪਾਰਕਿੰਗ ਨੂੰ ਦੇਖਦੇ ਹੋਏ ਸੋਮਵਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ। ਪੁਲਿਸ ਨੇ ਨੋ ਪਾਰਕਿੰਗ ਜ਼ੋਨ ਵਿਚ ਨਿਯਮਾਂ ਦੀ ਉਲੰਘਣਾ ਕਰਕੇ ਖੜ੍ਹੇ ਕੀਤੇ ਗਏ ਕਰੀਬ 10 ਤੋਂ 12 ਮੋਟਰਸਾਈਕਲਾਂ ਦੇ ਮੌਕੇ ਤੇ ਚਾਲਾਨ ਕੱਟੇ। ਸਿਵਲ ਹਸਪਤਾਲ ਡੇਰਾਬੱਸੀ ਦੇ ਗੇਟ ਅੱਗੇ ਗ਼ਲਤ ਤਰੀਕੇ ਨਾਲ ਵਾਹਨ ਖੜ੍ਹੇ ਹੋਣ ਕਾਰਨ ਐਂਬੂਲੈਂਸਾਂ ਅਤੇ ਮਰੀਜ਼ਾਂ ਨੂੰ ਲਿਆਉਣ ਵਾਲੀਆਂ ਗੱਡੀਆਂ ਨੂੰ ਲੰਘਣ ਵਿਚ ਭਾਰੀ ਦਿੱਕਤ ਆ ਰਹੀ ਸੀ। ਇਸ ਮੌਕੇ ਮੌਜੂਦ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਵੀ ਕੁਝ ਵਾਹਨ ਚਾਲਕ ਨਿਯਮਾਂ ਦੀ ਪ੍ਰਵਾਹ ਨਹੀਂ ਕਰ ਰਹੇ ਸਨ, ਜਿਸ ਕਾਰਨ ਅੱਜ ਇਹ ਸਖ਼ਤ ਕਦਮ ਚੁੱਕਣਾ ਪਿਆ। ਕੁਝ ਵਾਹਨਾਂ ਨੂੰ ਮੌਕੇ ਤੋਂ ਟੋਅ ਕਰ ਕੇ ਥਾਣੇ ਵੀ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵਰਗੀ ਸੰਵੇਦਨਸ਼ੀਲ ਜਗ੍ਹਾ ਦੇ ਬਾਹਰ ਗ਼ਲਤ ਪਾਰਕਿੰਗ ਕਾਰਨ ਕਿਸੇ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਅਜਿਹੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਵਾਲੀ ਥਾਂ ਤੇ ਹੀ ਖੜ੍ਹੇ ਕਰਨ ਤਾਂ ਜੋ ਆਮ ਜਨਤਾ ਅਤੇ ਖ਼ਾਸ ਕਰਕੇ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਆਉਣ ਵਾਲੇ ਦਿਨਾਂ ਵਿਚ ਇਹ ਮੁਹਿੰਮ ਹੋਰ ਵੀ ਤੇਜ਼ ਕੀਤੀ ਜਾਵੇਗੀ।