ਜ਼ਿਲ੍ਹਾ ਮੈਨੇਜਰ ਖੁਦਕੁਸ਼ੀ ਕੇਸ ਦੀ ਹੋਵੇ ਸੀਬੀਆਈ ਜਾਂਚ : ਐੱਨਕੇ ਸ਼ਰਮਾ
ਜ਼ਿਲ੍ਹਾ ਮੈਨੇਜਰ ਖੁਦਕੁਸ਼ੀ ਕੇਸ ਦੀ ਹੋਵੇ ਸੀਬੀਆਈ ਜਾਂਚ : ਐੱਨਕੇ ਸ਼ਰਮਾ
Publish Date: Sat, 21 Mar 2026 06:23 PM (IST)
Updated Date: Sat, 21 Mar 2026 06:25 PM (IST)

ਪੰਜਾਬ ਵਾਸੀਆਂ ਦੇ ਹਿੱਤਾਂ ਦੀ ਲੜਾਈ ਲੜੇਗਾ ਅਕਾਲੀ ਦਲ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ’ਚ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਖੁਦਕੁਸ਼ੀ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪੰਜਾਬ ਸਰਕਾਰ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਸੀ, ਪਰ ਅਕਾਲੀ ਦਲ ਦੇ ਆਗੂਆਂ ਨੇ ਸਭ ਤੋਂ ਪਹਿਲਾਂ ਇਸਦਾ ਪਰਦਾਫਾਸ਼ ਕੀਤਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਪਤਾ ਲੱਗ ਸਕੇ। ਸ੍ਰੀ ਸ਼ਰਮਾ 29 ਮਾਰਚ ਨੂੰ ਡੇਰਾਬੱਸੀ ਪਹੁੰਚਣ ਵਾਲੀ ਪੰਜਾਬ ਬਚਾਓ ਯਾਤਰਾ ਸਬੰਧੀ ਪਿੰਡ ਘੋਲੂਮਾਜਰਾ, ਦੱਪਰ, ਚਾਂਦਹੇੜੀ, ਗੁਲਮੋਹਰ ਸਿਟੀ, ਲਾਲੜੂ ਮੰਡੀ, ਲਾਲੜੂ, ਆਲਮਗੀਰ, ਡੈਹਰ ਸਮੇਤ ਡੇਢ ਦਰਜਨ ਪਿੰਡਾਂ ਵਿਚ ਜਨਤਕ ਬੈਠਕਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਇਕ ਸੀਨੀਅਰ ਅਧਿਕਾਰੀ ਦੀ ਖੁਦਕੁਸ਼ੀ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਅੰਦਰ ਕਥਿਤ ਭ੍ਰਿਸ਼ਟਾਚਾਰ ਦੀ ਹੱਦ ਨੂੰ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਤਰੀ ਦਾ ਅਸਤੀਫ਼ਾ ਲੈ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣੀ ਚਾਹੀਦੀ ਹੈ। ਐੱਨਕੇ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਵਧੀਕੀਆਂ ਦਾ ਜਵਾਬ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਗੁਰਵਿੰਦਰ ਸਿੰਘ ਹਸਨਪੁਰ, ਬੁੱਲੂ ਰਾਣਾ, ਸੰਜੂ ਪ੍ਰਜਾਪਤ, ਰਘੁਬੀਰ ਜੁਨੇਜਾ, ਰੋਹਿਤ ਰਤਨ, ਰਵਿੰਦਰ ਵਲੇਚਾ, ਵਿੱਕੀ ਡੈਹਰ, ਹਰਦਮ ਜਾਸਤਨਾਂ, ਗੁਰਜੀਤ ਸਿੰਘ ਕੁਰਲੀ, ਜਗਜੀਤ ਚਾਂਦਹੇੜੀ, ਸੀਤਾ ਰਾਮ ਪੰਡਤ, ਓਮ ਪ੍ਰਕਾਸ਼ ਸ਼ਰਮਾ, ਸੁਰਜਣ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਲੱਕੀ ਮਹਿਰਾ, ਜਤਿਨ ਸ਼ਰਮਾ, ਸੁਰਿੰਦਰ ਕੁਮਾਰ, ਹਜਾਰਾ ਸਿੰਘ, ਹੀਰਾ ਸਿੰਘ, ਹਰੀਦਾਸ, ਨੈਬ ਸਿੰਘ, ਟੋਨੀ ਅਤੇ ਰਾਮਨਿਵਾਸ ਸਮੇਤ ਹੋਰ ਪਤਵੰਤੇ ਹਾਜ਼ਰ ਸਨ।