ਇਮੀਗ੍ਰੇਸ਼ਨ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ
ਇਮੀਗ੍ਰੇਸ਼ਨ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ
Publish Date: Mon, 02 Mar 2026 09:37 PM (IST)
Updated Date: Mon, 02 Mar 2026 09:37 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਕਾਲਜ ਰੋਡ ’ਤੇ ਸਥਿਤ ‘ਐਜੂਕੇਸ਼ਨ ਪੁਆਇੰਟ’ ਨਾਮਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਵੱਲੋਂ ਵਿਦੇਸ਼ ਭੇਜਣ ਦੇ ਨਾਂਅ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮਾਲਕ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਲਜ ਰੋਡ ’ਤੇ ਸਥਿਤ ਐਜੂਕੇਸ਼ਨ ਪੁਆਇੰਟ ਜੋ ਕਿ ਆਇਲਟਸ ਦੀ ਕੋਚਿੰਗ ਦੇਣ ਦਾ ਕੰਮ ਕਰਦਾ ਸੀ। ਜਿਥੇ ਪਿਛਲੇ ਲੰਮੇ ਸਮੇਂ ਤੋਂ ਭੋਲੇ ਭਾਲੇ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਪਾਰਟੀ ਸਮੇਤ ਉਕਤ ਸੈਂਟਰ ’ਤੇ ਰੇਡ ਕੀਤੀ। ਜਿਥੋਂ ਕੁੱਝ ਪਾਸਪੋਰਟ, ਰਜਿਸਟਰ ਅਤੇ ਇਕ ਲੈਪਟਾਪ ਵੀ ਬਰਾਮਦ ਹੋਇਆ। ਜਦੋਂ ਉਥੇ ਮੌਜੂਦ ਦਫ਼ਤਰੀ ਸਟਾਫ਼ ਤੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਲਾਇਸੈਂਸ ਬਾਰੇ ਪੁਛਿਆ ਗਿਆ ਤਾਂ ਉਹ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਉਕਤ ਸੈਂਟਰ ਦਾ ਮਾਲਕ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਮੋਟੀ ਰਕਮ ਵਸੂਲ ਕਰਕੇ ਠੱਗੀ ਮਾਰਦਾ ਸੀ। ਇਸ ਮੌਕੇ ਮੁਲਜ਼ਮ ਸੈਂਟਰ ਵਿਚ ਮੌਜੂਦ ਨਹੀਂ ਸੀ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਉਕਤ ਐਜੂਕੇਸ਼ਨ ਸੈਂਟਰ ਕੋਲ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਸੀ। ਪੁਲਿਸ ਨੇ ਸੈਂਟਰ ਦੇ ਮਾਲਕ ਹਰਵਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦੇ ਲਾਇਸੈਂਸ ਦੀ ਪੜਤਾਲ ਜ਼ਰੂਰ ਕਰਨ।