ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Publish Date: Mon, 23 Mar 2026 08:42 PM (IST)
Updated Date: Mon, 23 Mar 2026 08:46 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮਾਈਨਿੰਗ ਅਫ਼ਸਰ ਵੱਲੋਂ ਦਿੱਤੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਪਰਮਜੀਤ ਸਿੰਘ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਧੀਰਜ ਸੈਣੀ ਮਾਈਨਿੰਗ ਅਫ਼ਸਰ ਡੇਰਾਬੱਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਈਨਿੰਗ ਟੀਮ ਸਮੇਤ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਇਕ ਟਿੱਪਰ ਨੂੰ ਰੋਕਿਆ ਗਿਆ, ਜਿਸ ਵਿਚ ਮਿੱਟੀ ਭਰੀ ਹੋਈ ਸੀ ਪਰ ਡਰਾਈਵਰ ਪੁੱਛਗਿੱਛ ਦੌਰਾਨ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ ’ਤੇ ਕਾਰਵਾਈ ਕਰਨ ਲਈ ਟਿੱਪਰ ਚਾਲਕ ਨੂੰ ਪੁਲਿਸ ਥਾਣੇ ਡੇਰਾਬੱਸੀ ਵਿਖੇ ਪਹੁੰਚਾਉਣ ਲਈ ਕਿਹਾ ਗਿਆ ਪਰ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਕਾਫ਼ੀ ਲੋਕ ਉੱਥੇ ਇੱਕਠੇ ਹੋ ਗਏ, ਜਿਨ੍ਹਾਂ ਮਾਈਨਿੰਗ ਮੁਲਾਜ਼ਮਾਂ ਨੂੰ ਘੇਰਾ ਪਾ ਲਿਆ ਅਤੇ ਗਾਲੀ ਗਲੋਚ ਕਰਨ ਲੱਗੇ। ਜਿਸ ਤੋਂ ਬਾਅਦ ਟਿੱਪਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਇਲਾਵਾ ਇਕ ਟਰੈਕਟਰ ਟਰਾਲੀ ਵੀ ਮਿੱਟੀ ਸਮੇਤ ਮੌਕੇ ਤੋਂ ਲੈ ਕੇ ਫ਼ਰਾਰ ਹੋ ਗਏ। ਇਸ ਦੌਰਾਨ ਇਕ ਵਿਅਕਤੀ ਨੇ ਆਪਣਾ ਨਾਂ ਲੱਡੂ ਜਿਸ ਦਾ ਪੂਰਾ ਨਾਂ ਸੁਰਮੁੱਖ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਈਨਿੰਗ ਅਫ਼ਸਰ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।