ਨਾਬਾਲਿਗ ਨੂੰ ਵਰਗਲਾਉਣ ਦੇ ਦੋਸ਼ ਤਹਿਤ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
ਨਾਬਾਲਿਗ ਨੂੰ ਵਰਗਲਾਉਣ ਦੇ ਦੋਸ਼ ਤਹਿਤ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
Publish Date: Sun, 29 Mar 2026 07:24 PM (IST)
Updated Date: Sun, 29 Mar 2026 07:27 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਖੇੜੀ ਵਿਖੇ ਇਕ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ ਅਨੁਸਾਰ ਚਮਨ ਖ਼ਾਨ ਪੁੱਤਰ ਨੱਨੇ ਮਾਸਟਰ ਵਾਸੀ ਨਜਰਾ ਸਾਨਪੁਰ ਜ਼ਿਲ੍ਹਾ ਬਦਾਯੂ ਯੂਪੀ ਹਾਲ ਵਾਸੀ ਕਿਰਾਏਦਾਰ ਡੇਰਾਬੱਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਵੱਡੀ ਲੜਕੀ ਨੇ ਅੱਠਵੀਂ ਕਲਾਸ ਦੇ ਪੇਪਰ ਦਿੱਤੇ ਹਨ ਅਤੇ ਹੁਣ ਘਰ ਹੀ ਰਹਿੰਦੀ ਸੀ। ਬੀਤੀ 27 ਮਾਰਚ ਨੂੰ ਉਹ ਅਤੇ ਉਸ ਦੀ ਘਰਵਾਲੀ ਸ਼ਰੀਫਾ ਰੋਜ਼ ਦੀ ਤਰ੍ਹਾਂ ਆਪੋ ਆਪਣੇ ਕੰਮਾਂ ’ਤੇ ਚਲੇ ਗਏ ਸੀ ਤਾਂ ਉਸ ਦੀ ਲੜਕੀ ਅਤੇ ਲੜਕਾ ਘਰ ਵਿਚ ਹੀ ਮੌਜੂਦ ਸੀ। ਉਸ ਨੂੰ ਸਵੇਰੇ 10:00 ਵਜੇ ਉਸ ਦੀ ਘਰਵਾਲੀ ਨੇ ਦੱਸਿਆ ਕਿ ਲੜਕੇ ਦਾ ਫੋਨ ਆਇਆ ਹੈ ਕਿ ਉਸਦੀ ਭੈਣ ਘਰ ਵਿਚ ਨਹੀਂ ਹੈ। ਜਿਸ ਤੋਂ ਬਾਅਦ ਉਹ ਅਤੇ ਉਸ ਦੀ ਘਰਵਾਲੀ ਸ਼ਰੀਫਾ ਘਰ ਪਹੁਚੇ ਅਤੇ ਉਨ੍ਹਾਂ ਆਪਣੇ ਤੌਰ ’ਤੇ ਲੜਕੀ ਦੀ ਭਾਲ ਕਰਨੀ ਸ਼ੁਰੂ ਕੀਤੀ, ਜਿਸ ਬਾਰੇ ਕੋਈ ਸੁਰਾਗ ਨਹੀਂ ਲੱਗਾ। ਉਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਕਿ ਕੋਈ ਨਾ-ਮਾਲੂਮ ਵਿਅਕਤੀ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਆਪਣੇ ਨਾਲ ਭਜਾ ਕੇ ਲੈ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।