ਫਲਾਈਓਵਰ ਹੇਠਾਂ ਖੜ੍ਹੀਆਂ ਬੱਸਾਂ ਕਰ ਕੇ ਸੜਕ ਪਾਰ ਕਰਨ ਵਿਚ ਆਉਂਦੀ ਪਰੇਸ਼ਾਨੀ
ਫਲਾਈਓਵਰ ਹੇਠਾਂ ਖੜ੍ਹੀਆਂ ਬੱਸਾਂ ਕਰਕੇ ਸੜਕ ਪਾਰ ਕਰਨ ਵਿਚ ਆਉਂਦੀ ਪਰੇਸ਼ਾਨੀ
Publish Date: Tue, 06 Jan 2026 05:30 PM (IST)
Updated Date: Tue, 06 Jan 2026 05:32 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਬੱਸ ਸਟੈਂਡ ਨੇੜੇ ਫਲਾਈਓਵਰ ਹੇਠਾਂ ਰਾਤ ਸਮੇਂ ਖੜ੍ਹੀਆਂ ਬੱਸਾਂ ਕਾਰਨ ਲੋਕਾਂ ਨੂੰ ਸੜਕ ਪਾਰ ਕਰਨ ਵਿਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਫਲਾਈਓਵਰ ਹੇਠਾਂ ਇਹ ਬੱਸਾਂ ਅਜਿਹੇ ਢੰਗ ਨਾਲ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਕਿ ਅੰਬਾਲਾ ਵੱਲੋਂ ਆ ਰਹੇ ਵਾਹਨ ਡੇਰਾਬੱਸੀ ਵੱਲ ਮੁੜਨ ਵੇਲੇ ਵਿਖਾਈ ਨਹੀਂ ਦਿੰਦੇ। ਇਸ ਕਾਰਨ ਲੋਕਾਂ ਨੂੰ ਫਲਾਈਓਵਰ ਦੇ ਪਿੱਲਰ ਨੇੜੇ ਪਹੁੰਚ ਕੇ ਕਾਫ਼ੀ ਅੱਗੇ ਤੱਕ ਜਾ ਕੇ ਵਾਹਨ ਵੇਖਣੇ ਪੈਂਦੇ ਹਨ। ਇਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਰਾਤ ਸਮੇਂ ਫਲਾਈਓਵਰ ਹੇਠਾਂ ਬੱਸਾਂ ਖੜ੍ਹੀ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ। ਇਸੇ ਤਰ੍ਹਾਂ ਬਰਵਾਲਾ ਚੌਕ ਨੇੜੇ ਫਲਾਈਓਵਰ ਹੇਠਾਂ ਬਣੇ ਕੱਟ ’ਤੇ ਵੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਇਸ ਨਾਲ ਮੋੜ ਮੁੜਨ ਵੇਲੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਜਾਮ ਲੱਗ ਜਾਂਦਾ ਹੈ। ਲੋਕਾਂ ਨੇ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਮਜ਼ਬੂਤ ਮੰਗ ਕੀਤੀ ਹੈ। ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ’ਤੇ ਅਜਿਹੇ ਵਾਹਨਾਂ ਦੇ ਚਾਲਾਨ ਕੀਤੇ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਫਲਾਈਓਵਰ ਹੇਠਾਂ ਖੜ੍ਹੀਆਂ ਬੱਸਾਂ ਵੀ ਜਲਦ ਹਟਵਾ ਦਿੱਤੀਆਂ ਜਾਣਗੀਆਂ।