ਵਿਦਿਆਰਥਣ ਅਨਿਕਾ ਸਿੰਗਲਾ ਨੇ ਜਿੱਤਿਆ ਸੋਨ ਮੈਡਲ
ਬਰੁੱਕਫੀਲਡ ਸਕੂਲ ਦੀ ਵਿਦਿਆਰਥਣ ਅਨਿਕਾ ਸਿੰਗਲਾ ਨੇ ਜਿੱਤਿਆ ਸੋਨ ਤਗ਼ਮਾ
Publish Date: Mon, 19 Jan 2026 05:51 PM (IST)
Updated Date: Tue, 20 Jan 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾ ਰੋਡ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਅਨਿਕਾ ਸਿੰਗਲਾ ਨੇ ਛੇਵੀਂ ਚੰਡੀਗੜ੍ਹ ਓਪਨ ਸਕੇਟਿੰਗ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਇਹ ਚੈਂਪੀਅਨਸ਼ਿਪ ਇੰਡੋਰ ਸਕੇਟਿੰਗ ਰਿੰਕ, ਸੈਕਟਰ 10, ਚੰਡੀਗੜ੍ਹ ਵਿਖੇ ਕਰਵਾਈ ਗਈ ਸੀ। ਅਨਿਕਾ ਨੇ ਅੰਡਰ-14 ਉਮਰ ਵਰਗ ਦੀ 'ਕਵਾਡ ਸਕੇਟਸ– 500 ਮੀਟਰ ਦੌੜ' ਵਿਚ ਆਪਣੀ ਤੇਜ਼ ਰਫ਼ਤਾਰ ਅਤੇ ਸੰਤੁਲਨ ਦਾ ਲੋਹਾ ਮੰਨਵਾਉਂਦੇ ਹੋਏ ਸੋਨ ਤਗ਼ਮਾ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਕਿਹਾ ਕਿ ਸਾਨੂੰ ਅਨਿਕਾ ਦੀ ਇਸ ਮਹਾਨ ਪ੍ਰਾਪਤੀ ’ਤੇ ਬਹੁਤ ਮਾਣ ਹੈ। ਉਸਦੀ ਮਿਹਨਤ, ਲਗਨ ਅਤੇ ਜਿੱਤਣ ਦੇ ਜਜ਼ਬੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ ਇਰਾਦੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਬਰੁੱਕਫੀਲਡ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵਧਣ ਲਈ ਉਤਸ਼ਾਹਤ ਕਰਦਾ ਰਹੇਗਾ। ਇਸ ਸ਼ਾਨਦਾਰ ਜਿੱਤ 'ਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਵੱਲੋਂ ਅਨਿਕਾ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਗਈ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।