ਬਰੁੱਕਫੀਲਡ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਕਾਂਸੀ ਦੇ ਤਮਗੇ
ਬਰੁੱਕਫੀਲਡ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਕਾਂਸੀ ਦੇ ਤਗ਼ਮੇ
Publish Date: Mon, 09 Mar 2026 08:37 PM (IST)
Updated Date: Mon, 09 Mar 2026 08:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੁਰਾਲੀ : ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਸਿਸਵਾਂ ਰੋਡ ਕੁਰਾਲੀ ਦੇ ਨੰਨ੍ਹੇ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸੂਬਾ ਪੱਧਰੀ ਹੈਂਡਬਾਲ ਮੁਕਾਬਲੇ ਵਿਚ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਨੌਜਵਾਨ ਚੈਂਪੀਅਨਾਂ ਦੀ ਸ਼ਾਨਦਾਰ ਖੇਡ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਕਿਸੇ ਵੀ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ। ਲੜਕੀਆਂ ਦੀ ਸ਼੍ਰੇਣੀ ਵਿਚ ਕਾਂਸੀ ਦਾ ਤਮਗਾ ਅਲੀਸ਼ਾ ਕਲਾਸ ਚੌਥੀ, ਪ੍ਰਤਿਸ਼ਠਾ ਕਲਾਸ ਤੀਜੀ, ਸ਼ਨਾਇਆ ਮਲਹੋਤਰਾ ਕਲਾਸ ਚੌਥੀ ਅਤੇ ਗ੍ਰੇਸੀ ਸ਼ਰਮਾ ਕਲਾਸ ਪੰਜਵੀਂ ਨੇ ਜਿੱਤਿਆ, ਜਦਕਿ ਲੜਕਿਆਂ ਦੀ ਸ਼੍ਰੇਣੀ ਵਿਚ ਕਾਂਸੀ ਦਾ ਤਮਗਾ ਦਿਵਯਮ ਬਾਂਸਲ ਕਲਾਸ ਤੀਜੀ, ਲਕਸ਼ ਗਿਰੀ ਕਲਾਸ ਚੌਥੀ ਅਤੇ ਓਮਵੀਰ ਸ਼ਰਮਾ ਕਲਾਸ ਤੀਜੀ ਨੇ ਹਾਸਲ ਕੀਤਾ। ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਇਨ੍ਹਾਂ ਨੰਨ੍ਹੇ ਐਥਲੀਟਾਂ ’ਤੇ ਬਹੁਤ ਮਾਣ ਹੈ। ਇਨ੍ਹਾਂ ਦੀ ਦ੍ਰਿੜ੍ਹਤਾ, ਟੀਮ ਵਰਕ ਅਤੇ ਖੇਡ ਭਾਵਨਾ ਨੇ ਰਾਜ ਪੱਧਰ ’ਤੇ ਸਕੂਲ ਦਾ ਮਾਣ ਵਧਾਇਆ ਹੈ। ਸਾਡਾ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਮੋਹਰੀ ਬਣਾਉਣ ਲਈ ਵਚਨਬੱਧ ਹੈ, ਕਿਉਂਕਿ ਖੇਡਾਂ ਬੱਚਿਆਂ ਵਿਚ ਲੀਡਰਸ਼ਿਪ ਅਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਜਿੱਤ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਨਾ ਸਰੋਤ ਬਣੇਗੀ। ਇਸ ਦੌਰਾਨ ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਪ੍ਰਾਪਤੀ ਨਾਲ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।