ਸ਼ਿਵਪੁਰੀ ਕਾਲੋਨੀ ਵਿਚ ਟੁੱਟਿਆ ਮੈਨਹੋਲ ਬਣਿਆ ਜਾਨਲੇਵਾ, ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਲੋਕ ਪਰੇਸ਼ਾਨ
ਸ਼ਿਵਪੁਰੀ ਕਾਲੋਨੀ ਵਿਚ ਟੁੱਟਿਆ ਮੈਨਹੋਲ ਬਣਿਆ ਜਾਨਲੇਵਾ,
Publish Date: Fri, 16 Jan 2026 06:37 PM (IST)
Updated Date: Fri, 16 Jan 2026 06:39 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੀ ਸ਼ਿਵਪੁਰੀ ਕਾਲੋਨੀ ਵਿਚ ਸੀਵਰੇਜ ਦਾ ਇਕ ਟੁੱਟਿਆ ਹੋਇਆ ਮੈਨਹੋਲ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਪਏ ਇਸ ਮੈਨਹੋਲ ਵੱਲ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹ ਮੈਨਹੋਲ ਕਾਫ਼ੀ ਸਮੇਂ ਤੋਂ ਟੁੱਟਿਆ ਹੋਇਆ ਹੈ ਅਤੇ ਸੜਕ ਦੇ ਬਿਲਕੁਲ ਵਿਚਕਾਰ ਹੋਣ ਕਾਰਨ ਰਾਹਗੀਰਾਂ, ਖ਼ਾਸ ਕਰਕੇ ਦੁਪਹੀਆ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਕਈ ਵਾਰ ਵਾਹਨ ਚਾਲਕ ਇਸ ਵਿਚ ਡਿੱਗਣੋਂ ਬਚੇ ਹਨ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਇਹ ਖੁੱਲ੍ਹਾ ਮੈਨਹੋਲ ਕਿਸੇ ਵੱਡੀ ਅਣਹੋਣੀ ਦਾ ਕਾਰਨ ਬਣ ਸਕਦਾ ਹੈ। ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਸਬੰਧੀ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ, ਪਰ ਹਾਲੇ ਤੱਕ ਸਿਰਫ਼ ਭਰੋਸਾ ਹੀ ਮਿਲਿਆ ਹੈ, ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਦੀ ਇਸ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਅੱਕ ਚੁੱਕੇ ਹਨ। ਸਥਾਨਕ ਨਿਵਾਸੀਆਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਲੱਗਦਾ ਹੈ ਕਿ ਵਿਭਾਗ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਜਲਦੀ ਇਸ ਨੂੰ ਠੀਕ ਨਾ ਕੀਤਾ ਗਿਆ ਤਾਂ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਸ਼ਿਵਪੁਰੀ ਕਾਲੋਨੀ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਟੁੱਟੇ ਹੋਏ ਮੈਨਹੋਲ ਨੂੰ ਤੁਰੰਤ ਨਵਾਂ ਢੱਕਣ ਲਗਾ ਕੇ ਠੀਕ ਕੀਤਾ ਜਾਵੇ। ਕਾਲੋਨੀ ਦੀਆਂ ਹੋਰ ਖ਼ਸਤਾ ਹਾਲ ਸੜਕਾਂ ਅਤੇ ਸੀਵਰੇਜ ਸਿਸਟਮ ਦੀ ਜਾਂਚ ਕੀਤੀ ਜਾਵੇ। ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।