ਟੁੱਟਾ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪਾਵਰਕਾਮ ਅਧਿਕਾਰੀ ਬੇਖ਼ਬਰ
ਟੁੱਟਿਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪਾਵਰਕਾਮ ਅਧਿਕਾਰੀ ਬੇਖ਼ਬਰ
Publish Date: Sat, 31 Jan 2026 05:33 PM (IST)
Updated Date: Sat, 31 Jan 2026 05:34 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਸੈਦਪੁਰਾ-ਗੁਲਾਬਗੜ੍ਹ ਰੋਡ ਤੇ ਸਥਿਤ ਵਾਰਡ ਨੰ. 8 ਦੇ ਨਿਵਾਸੀ ਪਿਛਲੇ 10 ਦਿਨਾਂ ਤੋਂ ਇਕ ਵੱਡੇ ਖ਼ਤਰੇ ਦੇ ਸਾਏ ਹੇਠ ਜਿਉਣ ਲਈ ਮਜ਼ਬੂਰ ਹਨ। ਇੱਥੇ ਮੁੱਖ ਸੜਕ ਦੇ ਕਿਨਾਰੇ ਇਕ ਬਿਜਲੀ ਦਾ ਖੰਭਾ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ, ਜੋ ਕਿਸੇ ਵੀ ਸਮੇਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖੇਤਰ ਨਿਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪਾਵਰਕਾਮ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਲਾਕਾ ਵਾਸੀਆਂ ਨੇ ਦੱਸਿਆ ਕਿ ਖੰਭਾ ਸੜਕ ਵੱਲ ਝੁਕਿਆ ਹੋਇਆ ਹੈ ਅਤੇ ਸਿਰਫ਼ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਖੜ੍ਹਾ ਹੈ। ਇਹ ਰਸਤਾ ਕਾਫ਼ੀ ਰੁਝੇਵਿਆਂ ਵਾਲਾ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਵਾਹਨ ਅਤੇ ਸਕੂਲੀ ਬੱਚੇ ਗੁਜ਼ਰਦੇ ਹਨ। ਸਥਾਨਕ ਲੋਕਾਂ ਅਨੁਸਾਰ ਉਨ੍ਹਾਂ ਨੇ ਕਈ ਵਾਰ ਸਬੰਧਤ ਵਿਭਾਗ ਦੇ ਦਫ਼ਤਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਧਿਕਾਰੀ ਸਿਰਫ਼ ਭਰੋਸਾ ਦੇ ਕੇ ਪੱਲਾ ਝਾੜ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿਚ ਇਹ ਟੁੱਟਿਆ ਖੰਭਾ ਵਾਹਨ ਚਾਲਕਾਂ ਨੂੰ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਇੱਥੇ ਪਹਿਲਾਂ ਵੀ ਕਈ ਛੋਟੇ-ਮੋਟੇ ਹਾਦਸੇ ਵਾਪਰ ਚੁੱਕੇ ਹਨ। ਵਾਰਡ ਨੰ. 8 ਦੇ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਖੰਭੇ ਨੂੰ ਤੁਰੰਤ ਬਦਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਬਿਜਲੀ ਵਿਭਾਗ ਦੀ ਹੋਵੇਗੀ।