ਮੁਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿਚ, 16 ਸਕੂਲ ਖਾਲੀ ਕਰਵਾਏ
ਮੁਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿਚ, 16 ਸਕੂਲ ਖਾਲੀ ਕਰਵਾਏ,
Publish Date: Wed, 11 Feb 2026 07:15 PM (IST)
Updated Date: Wed, 11 Feb 2026 07:17 PM (IST)

ਐੱਸਐੱਸਪੀ, ਐੱਸਪੀ ਅਤੇ ਡੀਐੱਸਪੀ ਵੱਲੋਂ ਸਰਚ ਟੀਮਾਂ ਦੀ ਅਗਵਾਈ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੁੱਧਵਾਰ ਸਵੇਰੇ ਮੁਹਾਲੀ ਸ਼ਹਿਰ ਦੇ ਕਰੀਬ 16 ਸਕੂਲਾਂ ਅਤੇ ਜ਼ੀਰਕਪੁਰ ਤੇ ਖਰੜ ਦੇ ਇਕ-ਇਕ ਸਕੂਲ ਨੂੰ ਭੇਜੇ ਗਏ ਬੰਬ ਹੋਣ ਦੀ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਮੁਹਾਲੀ ਪੁਲਿਸ ਤੁਰੰਤ ਹਰਕਤ ਵਿਚ ਆ ਗਈ। ਲਰਨਿੰਗ ਪਾਥਸ ਸਕੂਲ, ਸੈਕਟਰ-67 ਦੇ ਬਾਹਰ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਧਮਕੀ ਭਰੇ ਈਮੇਲ ਸਵੇਰੇ ਲਗਭਗ 7:30 ਤੋਂ 8:00 ਵਜੇ ਦਰਮਿਆਨ ਨਿੱਜੀ ਸਕੂਲਾਂ ਨੂੰ ਮਿਲੇ। ਜਾਣਕਾਰੀ ਮਿਲਦੇ ਹੀ ਐੱਸਪੀਜ਼, ਡੀਐੱਸਪੀਜ਼ ਅਤੇ ਐੱਸਐੱਚਓਜ਼ ਦੀ ਅਗਵਾਈ ਹੇਠ ਪੁਲਿਸ ਟੀਮਾਂ, ਐਂਟੀ-ਸਾਬੋਟਾਜ ਟੀਮਾਂ ਅਤੇ ਬੰਬ ਨਿਰੋਧਕ ਦਸਤਿਆਂ ਸਮੇਤ ਤੁਰੰਤ ਸਕੂਲਾਂ ਵਿਚ ਪਹੁੰਚ ਗਈਆਂ। ਉਨ੍ਹਾਂ ਕਿਹਾ ਕਿ ਵਾਧੂ ਫੋਰਸ ਅਤੇ ਗੁਆਂਢੀ ਜ਼ਿਲ੍ਹਿਆਂ ਤੇ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਆਈਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਲਗਭਗ ਢਾਈ ਘੰਟਿਆਂ ਵਿਚ ਸਾਰੇ ਸਕੂਲਾਂ ਦੀ ਚੈਕਿੰਗ ਮੁਕੰਮਲ ਕਰ ਲਈ ਗਈ। ਤਲਾਸ਼ੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਸਟਾਫ਼ ਲਈ ਖਾਲੀ ਕਰਵਾ ਕੇ ਬੰਦ ਕਰ ਦਿੱਤਾ ਗਿਆ ਸੀ। “ਪ੍ਰਮਾਤਮਾ ਦੀ ਕਿਰਪਾ ਨਾਲ ਕਿਸੇ ਵੀ ਥਾਂ ਤੋਂ ਕੋਈ ਵੀ ਧਮਾਕੇਖੇਜ਼ ਸਮੱਗਰੀ ਨਹੀਂ ਮਿਲੀ,” ਐੱਸਐੱਸਪੀ ਹਾਂਸ ਨੇ ਕਿਹਾ। ਇਹ ਸਰਚ ਆਪ੍ਰੇਸ਼ਨ ਐੱਸਪੀ ਸਿਟੀ ਦਿਲਪ੍ਰੀਤ ਸਿੰਘ, ਐੱਸਪੀ ਨਵਨੀਤ ਸਿੰਘ ਮਾਹਲ, ਮੋਹਿਤ ਅਗਰਵਾਲ, ਸੁਖਨਾਜ ਸਿੰਘ, ਰਮਨਦੀਪ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ; ਡੀਐੱਸਪੀ ਸਿਟੀ-1 ਪ੍ਰਿਥਵੀ ਸਿੰਘ ਚਾਹਲ, ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਸਾਰੇ ਐੱਸਐੱਚਓਜ਼ ਵੱਲੋਂ ਕੀਤਾ ਗਿਆ। ਜਿਨ੍ਹਾਂ ਸਕੂਲਾਂ ਵਿਚ ਚੈਕਿੰਗ ਕੀਤੀ ਗਈ, ਉਨ੍ਹਾਂ ਵਿਚ ਐਮਿਟੀ ਸਕੂਲ, ਦੂਨ ਸਕੂਲ, ਲਰਨਿੰਗ ਪਾਥਸ, ਗੁਰੁਕੁਲ ਸਕੂਲ, ਵਿਵੇਕ ਹਾਈ ਸਕੂਲ, ਪੈਰਾਗਨ ਸਕੂਲ, ਵਾਈਪੀਐੱਸ, ਸੇਂਟ ਮੇਰੀਜ਼ ਸਕੂਲ, ਮਾਨਵ ਰਚਨਾ ਸਕੂਲ, ਲਾਰੈਂਸ ਸਕੂਲ, ਜੈਮ ਪਬਲਿਕ ਸਕੂਲ, ਰਾਮ ਤੀਰਥ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਅਤੇ ਸੰਤ ਈਸ਼ਰ ਸਿੰਘ ਸਕੂਲ ਸਮੇਤ ਹੋਰ ਸਕੂਲ ਸ਼ਾਮਲ ਸਨ। ਐੱਸਐੱਸਪੀ ਹਾਂਸ ਨੇ ਕਿਹਾ ਕਿ ਮੁਹਾਲੀ ਪੁਲਿਸ ਅਜਿਹੀਆਂ ਘਟਨਾਵਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ। ਐੱਫਆਈਆਰ ਦਰਜ ਕੀਤੀ ਜਾ ਰਹੀ ਹੈ ਅਤੇ ਕੇਸ ਨੂੰ ਧਮਕੀ ਭਰੇ ਈਮੇਲ ਦੇ ਮੂਲ ਦਾ ਪਤਾ ਲਗਾਉਣ ਅਤੇ ਵਿਸਥਾਰਪੂਰਵਕ ਜਾਂਚ ਲਈ ਸਾਈਬਰ ਪੁਲਿਸ ਸਟੇਸ਼ਨ, ਫੇਜ਼-7, ਮੁਹਾਲੀ ਨੂੰ ਸੌਪ ਦਿੱਤਾ ਗਿਆ ਹੈ।