ਮੈਕਸੀਕੋ ਤੋਂ ਸਵਾ 4 ਮਹੀਨਿਆਂ ਬਾਅਦ ਨੌਜਵਾਨ ਦੀ ਲਾਸ਼ ਪਹੁੰਚੀ ਪਿੰਡ, ਨਮ ਅੱਖਾਂ ਨਾਲ ਕੀਤੀ ਅੰਤਿਮ ਵਿਦਾਈ
ਮੈਕਸੀਕੋ ਤੋਂ ਸਵਾ 4 ਮਹੀਨਿਆ ਬਾਅਦ ਨੌਜਵਾਨ ਦੀ ਲਾਸ਼ ਪਹੁੰਚੀ ਪਿੰਡ, ਨਮ ਅੱਖਾਂ ਨਾਲ ਕੀਤੀ ਅੰਤਿਮ ਵਿਦਾਈ
Publish Date: Fri, 13 Feb 2026 07:52 PM (IST)
Updated Date: Fri, 13 Feb 2026 07:54 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਸਮਗੌਲੀ ਦੇ ਨੌਜਵਾਨ ਦੀ ਡੰਕੀ ਲਾ ਕੇ ਅਮਰੀਕਾ ਜਾਂਦੇ ਹੋਏ ਮੈਕਸੀਕੋ ਵਿਚ ਕਰੀਬ ਸਵਾ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਸ਼ਨਿੱਚਰਵਾਰ ਨੂੰ ਉਸ ਦੀ ਲਾਸ਼ ਪਿੰਡ ਪਹੁੰਚੀ। ਪਿੰਡ ਦੇ ਸ਼ਮਸ਼ਾਨਘਾਟ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਹਰਦੀਪ ਦੀ ਲਾਸ਼ ਪਿੰਡ ਪਹੁੰਚਣ ’ਤੇ ਮਾਹੌਲ ਗ਼ਮਗੀਨ ਹੋ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਇਸ ਮੌਕੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਸਣੇ ਹੋਰਨਾਂ ਵੱਲੋਂ ਅੰਤਿਮ ਸੰਸਕਾਰ ਵਿਚ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਾਮਲੇ ਵਿਚ ਡੇਰਾਬੱਸੀ ਪੁਲਿਸ ਨੇ ਸਵਾ ਚਾਰ ਮਹੀਨੇ ਪਹਿਲਾਂ ਦੋ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਮੁਲਜ਼ਮ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੁਤਾਬਕ ਉਸਦਾ ਭਰਾ ਹਰਦੀਪ ਜੁਲਾਈ 2024 ਵਿਚ ਪਿੰਡ ਸਮਗੌਲੀ ਤੋਂ ਅਮਰੀਕਾ ਲਈ ਨਿਕਲਿਆ ਸੀ। ਏਜੰਟਾਂ ਨੇ ਡੰਕੀ ਰੂਟ ਰਾਹੀਂ 33 ਲੱਖ ਰੁਪਏ ਲੈਕੇ ਅਮਰੀਕਾ ਲੈਕੇ ਜਾਣ ਦਾ ਵਾਅਦਾ ਕੀਤਾ ਸੀ। ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇਕ ਕਮਰੇ ਵਿਚ ਭੁੱਖਾ ਅਤੇ ਪਿਆਸਾ ਰੱਖਿਆ। ਏਜੰਟਾਂ ਨੇ ਉਸ ਦੇ ਮ੍ਰਿਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ ਚਾਰ ਲੱਖ ਰੁਪਏ ਭੇਜਣੇ ਪਏ। ਉਹ ਇਕ ਸਾਲ ਤੱਕ ਮੈਕਸੀਕੋ ਵਿਚ ਫਸਿਆ ਰਿਹਾ, ਜਿੱਥੇ ਹਰਦੀਪ ਦੀ ਮੌਤ ਹੋ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸਨੂੰ ਮੈਕਸੀਕੋ ਭੇਜਿਆ ਗਿਆ ਸੀ। ਉੱਥੇ ਉਸਦੀ ਮੌਤ ਹੋਣ ’ਤੇ ਲਾਸ਼ ਭਾਰਤ ਵਾਪਸ ਲਿਆਉਣ ਵਿਚ ਭਾਰੀ ਪਰੇਸ਼ਾਨੀ ਆਈ। ਮ੍ਰਿਤਕ ਭਾਰਤ ਦਾ ਰਹਿਣ ਵਾਲਾ ਸੀ, ਜਦਕਿ ਉਸਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ। ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਮ੍ਰਿਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ। ਅਮਬੈਂਸੀ ਨਾਲ ਤਾਲਮੇਲ ਕਰਕੇ ਪਹਿਲਾਂ ਭਾਰਤ ਤੋਂ ਉਸਦੇ ਫਿੰਗਰ ਪ੍ਰਿੰਟ ਭੇਜ ਕੇ ਵੈਰੀਫਾਈ ਕਰਵਾਏ ਗਏ। ਇਸ ਮਗਰੋਂ ਨੇਪਾਲ ਤੋਂ ਉਸਦੇ ਦਸਤਾਵੇਜ਼ ਦੀ ਜਾਂਚ ਕਰਵਾਈ ਗਈ, ਜਿਥੋਂ ਪਤਾ ਲਗਾ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ। ਇਸ ਮਗਰੋਂ ਕਾਗ਼ਜ਼ੀ ਕਰਵਾਈ ਪੂਰੀ ਹੋਣ ਉਪਰੰਤ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਸਾਫ਼ ਹੋਇਆ ਸੀ। ਮ੍ਰਿਤਕ ਦੇ ਭਰਾ ਮਲਕੀਤ ਦੇ ਬਿਆਨ ’ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਪਿੰਡ ਭਾਂਖਰਪੁਰ ਡੇਰਾਬੱਸੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਨਿਤਿਨ ਸੈਣੀ ਨੂੰ ਕਾਬੂ ਕਰ ਲਿਆ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਮਾਮਲੇ ਵਿਚ ਬਹੁਤੀ ਢਿੱਲ ਵਰਤੀ ਹੈ, ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਸਵਾ ਚਾਰ ਮਹੀਨੇ ਬਾਅਦ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ, ਜਦੋਂ ਲਾਸ਼ ਵਾਪਸ ਆਉਣੀ ਸੀ, ਜਦਕਿ ਦੂਜਾ ਮੁਲਜ਼ਮ ਅਜੇ ਵੀ ਫ਼ਰਾਰ ਹੈ।