ਰੇਲਵੇ ਲਾਈਨ ’ਤੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਮਾਮਲਾ ਦਰਜ
ਰੇਲਵੇ ਲਾਈਨ ’ਤੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਮਾਮਲਾ ਦਰਜ
Publish Date: Mon, 09 Mar 2026 08:31 PM (IST)
Updated Date: Mon, 09 Mar 2026 08:33 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਰੇਲਵੇ ਲਾਈਨ ਤੋਂ ਇਕ ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ 3:50 ਵਜੇ ਰੇਲਵੇ ਕਿਲੋਮੀਟਰ ਨੰ. 224/10-08 ਦੇ ਦਰਮਿਆਨ, ਰੇਲਵੇ ਸਟੇਸ਼ਨ ਘੱਗਰ ਨੇੜੇ ਅੰਡਰਪਾਸ ਜਨੇਤਪੁਰ ਕੋਲ ਇਕ ਵਿਅਕਤੀ ਦੀ ਲਾਸ਼ ਪਈ ਹੋਣ ਬਾਰੇ ਪੁਲਿਸ ਨੂੰ ਸੂਚਨਾ ਮਿਲੀ। ਇਸ ਮੌਕੇ ਪਹੁੰਚੀ ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਕਰੀਬ 50-55 ਸਾਲ ਉਮਰ ਦੇ ਅਣਪਛਾਤੇ ਵਿਅਕਤੀ ਦਾ ਮੂੰਹ ਅਤੇ ਹੱਥ ਬੰਨ੍ਹ ਕੇ ਉਸ ਨੂੰ ਰੇਲਵੇ ਲਾਈਨ ਦੇ ਗਾਰਡਰ ’ਤੇ ਰੱਖ ਕੇ ਕਤਲ ਕੀਤਾ ਗਿਆ ਹੋ ਸਕਦਾ ਹੈ। ਇਸ ਸਬੰਧੀ ਜੀਆਰਪੀ ਪਟਿਆਲਾ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਿਕ ਮ੍ਰਿਤਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਮ੍ਰਿਤਕ ਨੇ ਹਰੀ ਧਾਰੀਦਾਰ ਕਮੀਜ਼, ਨੀਲੀ ਜੀਨਜ਼ ਅਤੇ ਸੁਰਮੇ ਰੰਗ ਦੀ ਨਿੱਕਰ ਪਹਿਨੀ ਹੋਈ ਸੀ। ਉਸ ਦਾ ਰੰਗ ਸਾਵਲਾ, ਚਿਹਰਾ ਗੋਲ ਅਤੇ ਵਾਲ ਛੋਟੇ ਕੱਟੇ ਹੋਏ ਸਨ। ਖੱਬੀ ਬਾਂਹ ’ਤੇ ਅੰਗਰੇਜ਼ੀ ਅੱਖਰਾਂ ਵਿਚ ਕੇਐੱਸਆਰਡੀ ਦਾ ਟੈਟੂ ਬਣਿਆ ਹੋਇਆ ਹੈ। ਜੀਆਰਪੀ ਦੇ ਐੱਸਐੱਚਓ ਦਿਲਬਾਗ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।