ਮਿਸਟ ਹਸਪਤਾਲ ਨੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਲਾਇਆ ਖ਼ੂਨਦਾਨ ਕੈਂਪ
ਮਿਸਟ ਹਸਪਤਾਲ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਖ਼ੂਨਦਾਨ ਕੈਂਪ,
Publish Date: Mon, 23 Mar 2026 07:50 PM (IST)
Updated Date: Mon, 23 Mar 2026 07:52 PM (IST)

- 34 ਯੂਨਿਟ ਖ਼ੂਨ ਇਕੱਤਰ, ਏਐੱਸਪੀ ਗਜ਼ਲਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਜ਼ੀਰਕਪੁਰ ਦੇ ਮਿਸਟ ਹਸਪਤਾਲ ਵੱਲੋਂ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਇਲਾਕੇ ਦੇ ਨੌਜਵਾਨਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਵਸਨੀਕਾਂ ਨੇ ਭਾਰੀ ਉਤਸ਼ਾਹ ਦਿਖਾਉਂਦੇ ਹੋਏ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਕੁੱਲ 34 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ, ਜੋ ਕਿ ਸਰਕਾਰੀ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਭੇਜਿਆ ਜਾਵੇਗਾ। ਏਐੱਸਪੀ ਗਜ਼ਲਪ੍ਰੀਤ ਕੌਰ ਨੇ ਖ਼ੂਨਦਾਨੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ : ਕੈਂਪ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ੀਰਕਪੁਰ ਦੇ ਏਐੱਸਪੀ ਗਜ਼ਲਪ੍ਰੀਤ ਕੌਰ (ਆਈਪੀਐੱਸ) ਨੇ ਖ਼ੂਨਦਾਨ ਕਰਨ ਵਾਲੇ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਖ਼ੂਨਦਾਨੀਆਂ ਨੂੰ ਵਿਸ਼ੇਸ਼ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਖ਼ੂਨਦਾਨ ਦੁਨੀਆ ਦਾ ਸਭ ਤੋਂ ਉੱਤਮ ਦਾਨ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰ ਕੇ ਅਸੀਂ ਨਾ ਸਿਰਫ਼ ਕਿਸੇ ਦੀ ਜਾਨ ਬਚਾਉਂਦੇ ਹਾਂ, ਸਗੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਾਂ। ਨੌਜਵਾਨਾਂ ਨੂੰ ਕੁਰੀਤੀਆਂ ਤਿਆਗ ਕੇ ਅਜਿਹੇ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਮਾਹਰ ਡਾਕਟਰਾਂ ਦੀ ਦੇਖ-ਰੇਖ ਹੇਠ ਲਾਇਆ ਕੈਂਪ : ਕੈਂਪ ਦੌਰਾਨ ਸੁਰੱਖਿਆ ਅਤੇ ਸਿਹਤ ਮਿਆਰਾਂ ਦਾ ਖ਼ਾਸ ਧਿਆਨ ਰੱਖਿਆ ਗਿਆ। ਮਾਹਰ ਡਾਕਟਰਾਂ ਦੀ ਟੀਮ ਵੱਲੋਂ ਖ਼ੂਨਦਾਨ ਕਰਨ ਤੋਂ ਪਹਿਲਾਂ ਹਰ ਵਿਅਕਤੀ ਦੀ ਸਿਹਤ ਜਾਂਚ ਕੀਤੀ ਗਈ। ਹਸਪਤਾਲ ਦੇ ਸਟਾਫ਼ ਅਤੇ ਵਲੰਟੀਅਰਾਂ ਨੇ ਪੂਰੀ ਤਨਦੇਹੀ ਨਾਲ ਪ੍ਰਬੰਧਾਂ ਨੂੰ ਸੰਭਾਲਿਆ ਤਾਂ ਜੋ ਖ਼ੂਨਦਾਨੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਮਿਸਟ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸਤਨਾਮ ਸਿੰਘ ਨੇ ਸਮਾਗਮ ਦੇ ਅਖੀਰ ਵਿਚ ਸਾਰੇ ਖ਼ੂਨਦਾਨੀਆਂ, ਮੁੱਖ ਮਹਿਮਾਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦਿੰਦਿਆਂ ਹਸਪਤਾਲ ਵੱਲੋਂ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਿਸਟ ਹਸਪਤਾਲ ਦੀ ਸਮੁੱਚੀ ਟੀਮ ਵੱਲੋਂ ਭਵਿੱਖ ਵਿਚ ਵੀ ਸਿਹਤ ਸੇਵਾਵਾਂ ਦੇ ਨਾਲ-ਨਾਲ ਅਜਿਹੇ ਸਮਾਜਿਕ ਭਲਾਈ ਦੇ ਕਾਰਜ ਕੀਤੇ ਜਾਂਦੇ ਰਹਿਣਗੇ।