ਬਲਾਕ ਪੱਧਰੀ ਸਿਹਤ ਅਤੇ ਮੈਡੀਕਲ ਕੈਂਪ ਲਾਇਆ
ਬਲਾਕ ਪੱਧਰੀ ਸਿਹਤ ਅਤੇ ਮੈਡੀਕਲ ਕੈਂਪ ਦਾ ਕੀਤਾ ਆਯੋਜਨ
Publish Date: Wed, 11 Feb 2026 06:14 PM (IST)
Updated Date: Wed, 11 Feb 2026 06:17 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਜ਼ੁਰਗਾਂ ਲਈ ਬਲਾਕ ਪੱਧਰੀ ਸਿਹਤ ਅਤੇ ਮੈਡੀਕਲ ਕੈਂਪ ਡੇਰਾਬੱਸੀ ਦੇ ਰਾਮ ਮੰਦਰ ਵਿਖੇ ਕੀਤਾ ਗਿਆ। ਪੰਜਾਬ ਸਰਕਾਰ ਦੇ ਸਾਡੇ ਬਜ਼ੁਰਗ ਸਾਡਾ ਮਾਣ ਕੈਂਪ ਤਹਿਤ ਸੀਨੀਅਰ ਸਿਟੀਜ਼ਨ ਐਕਸ਼ਨ ਪਲਾਨ 2025-26 ਦੇ ਤਹਿਤ ਬਜ਼ੁਰਗਾਂ ਲਈ ਫਰੀ ਹੈਲਥ ਅਤੇ ਮੈਡੀਕਲ ਕੈਂਪ ਡੇਰਾਬੱਸੀ ਦੇ ਰਾਮ ਮੰਦਰ ਵਿਖੇ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਨ। ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਕੋਲ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਾਉਣਾ ਹੈ। ਇਸ ਤਹਿਤ ਸਿਵਲ ਸਰਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਡਾ. ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਬ ਡਿਵੀਜ਼ਨਲ ਹਸਪਤਾਲ ਦੀ ਟੀਮ ਵੱਲੋਂ ਵਿਸ਼ੇਸ ਤੌਰ ’ਤੇ ਸਿਹਤ ਕੈਂਪ ਲਗਾਇਆ ਗਿਆ। ਜਿਸ ਵਿਚ ਜਨਰਲ ਹੈਲਥ ਚੈੱਕਅੱਪ, ਆਰਥੋਪਿਡਿਕ ਜਾਂਚ, ਅੱਖਾਂ ਦੇ ਚੈੱਕਅੱਪ ਅਤੇ ਗ਼ੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਸ਼ੁਗਰ, ਬੀਪੀ ਅਤੇ ਕੈਂਸਰ ਦੀ ਸਕਰੀਨਿੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਫਰੀ ਐਨਕਾਂ ਵੰਡੀਆਂ ਗਈਆਂ ਅਤੇ ਲੋੜਮੰਦ ਮਰੀਜ਼ਾਂ ਦੇ ਡੇਰਾਬੱਸੀ ਵਿਖੇ ਬੁਲਾ ਕੇ ਕੈਟਰੈਕਟ ਦੇ ਮੁਫ਼ਤ ਅਪ੍ਰੇਸ਼ਨ ਵੀ ਕੀਤੇ ਜਾਣਗੇ। ਇਸ ਦੇ ਨਾਲ ਹੀ ਸੋਸ਼ਲ ਸਿਕਿਉਰਟੀ ਲਾਭ, ਪੈਨਸ਼ਨ ਸਬੰਧੀ ਸਹਾਇਤਾ ਅਤੇ ਹੋਰ ਭਲਾਈ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਪਹਿਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਬਜ਼ੁਰਗਾਂ ਦੀ ਸਿਹਤ, ਸਨਮਾਨ ਅਤੇ ਭਲਾਈ ਨੂੰ ਤਰਜੀਹ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਕੈਂਪ ਜ਼ਿਲ੍ਹੇ ਦੇ ਹੋਰ ਬਲਾਕਾਂ ਵਿਚ ਵੀ ਲੜੀਵਾਰ ਤੌਰ ’ਤੇ ਲਗਾਏ ਜਾਣਗੇ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਡਾ. ਰਾਹੁਲ, ਡਾ. ਰੂਬਲ ਮੀਤ ਕੌਰ, ਡਾ. ਆਰਜ਼ੂ, ਸ੍ਰੀਮਤੀ ਰੀਤਿਕਾ ਅਤੇ ਡਾ. ਇੰਦਰਜੀਤ ਸੀਐੱਚਓ ਵੀ ਹਾਜ਼ਰ ਸਨ।