ਬਜ਼ੁਰਗਾਂ ਲਈ ਮੁਫ਼ਤ ਸਿਹਤ ਕੈਂਪ ਭਲਕੇ
ਜ਼ਿਲ੍ਹੇ ਵਿਚ ਬਜ਼ੁਰਗਾਂ ਲਈ ਬਲਾਕ ਪੱਧਰੀ ਮੁਫ਼ਤ ਸਿਹਤ ਕੈਂਪਾਂ ਦੀ ਸ਼ੁਰੂਆਤ, ਡੇਰਾਬੱਸੀ ਵਿਚ ਪਹਿਲਾ ਕੈਂਪ ਭਲਕੇ
Publish Date: Mon, 09 Feb 2026 09:11 PM (IST)
Updated Date: Mon, 09 Feb 2026 09:14 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਅਧੀਨ ਅਤੇ ਸੀਨੀਅਰ ਸਿਟੀਜ਼ਨ ਐਕਸ਼ਨ ਪਲਾਨ 2025-26 ਮੁਤਾਬਕ ਜ਼ਿਲ੍ਹੇ ਵਿਚ ਬਜ਼ੁਰਗ ਨਾਗਰਿਕਾਂ ਲਈ ਬਲਾਕ ਪੱਧਰੀ ਸਿਹਤ ਅਤੇ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਇਹ ਕੈਂਪ ਬਜ਼ੁਰਗਾਂ ਨੂੰ ਘਰੇਲੂ ਪੱਧਰ ’ਤੇ ਮੁਫ਼ਤ ਅਤੇ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਹਨ। ਡੇਰਾਬੱਸੀ ਬਲਾਕ ਵਿਚ ਪਹਿਲਾ ਕੈਂਪ 11 ਫਰਵਰੀ 2026 ਨੂੰ ਸ਼੍ਰੀ ਰਾਮ ਮੰਦਰ, ਨੇੜੇ ਰੇਲਵੇ ਫਟਕ, ਡੇਰਾਬੱਸੀ ਵਿਖੇ ਲੱਗੇਗਾ ਅਤੇ ਇਸ ਦੇ ਮੁੱਖ ਮਹਿਮਾਨ ਕੁਲਜੀਤ ਸਿੰਘ ਰੰਧਾਵਾ, ਵਿਧਾਇਕ, ਡੇਰਾਬੱਸੀ ਹਲਕਾ ਹੋਣਗੇ। ਇਸ ਕੈਂਪ ਵਿਚ ਜਨਰਲ ਹੈਲਥ ਚੈੱਕਅਪ, ਅੱਖਾਂ ਦੀ ਜਾਂਚ, ਆਰਥੋਪੈਡਿਕ ਜਾਂਚ, ਡਿਮੈਂਸ਼ੀਆ ਸਕ੍ਰੀਨਿੰਗ, ਨਾਨ-ਕਮਿਊਨੀਕੇਬਲ ਡਿਜ਼ੀਜ਼ ਸਕ੍ਰੀਨਿੰਗ ਅਤੇ ਕੈਂਸਰ ਸਕ੍ਰੀਨਿੰਗ ਵਰਗੀਆਂ ਮਹੱਤਵਪੂਰਨ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਸਮਾਜਿਕ ਸੁਰੱਖਿਆ ਲਾਭਾਂ ਬਾਰੇ ਜਾਣਕਾਰੀ, ਪੈਨਸ਼ਨ ਸਬੰਧੀ ਸਹਾਇਤਾ ਅਤੇ ਹੋਰ ਭਲਾਈ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਮੁਹਿੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਿਹਤ, ਇੱਜ਼ਤ ਅਤੇ ਭਲਾਈ ਨੂੰ ਪਹਿਲ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਜ਼ਿਲ੍ਹੇ ਦੇ ਬਾਕੀ ਬਲਾਕਾਂ ਵਿਚ ਵੀ ਲੜੀਵਾਰ ਇਹ ਕੈਂਪ ਲਗਾਏ ਜਾਣਗੇ। ਡੇਰਾਬੱਸੀ ਬਲਾਕ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ 11 ਫਰਵਰੀ 2026 ਨੂੰ ਸ੍ਰੀ ਰਾਮ ਮੰਦਰ ਵਿਖੇ ਵੱਡੀ ਗਿਣਤੀ ’ਚ ਸ਼ਾਮਲ ਹੋਣ ਅਤੇ ਇਨ੍ਹਾਂ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਪਰਿਵਾਰਕ ਮੈਂਬਰ ਵੀ ਆਪਣੇ ਬਜ਼ੁਰਗਾਂ ਨਾਲ ਆ ਕੇ ਸਹਿਯੋਗ ਕਰਨ।