ਨਾਇਬ ਤਹਿਸੀਲਦਾਰ ਦੇ ਦੁਰਵਿਵਹਾਰ ਖ਼ਿਲਾਫ਼ ਕਿਸਾਨ ਜਥੇਬੰਦੀ ਨੇ ਦਿੱਤਾ ਧਰਨਾ
ਨਾਇਬ ਤਹਿਸੀਲਦਾਰ ਦੇ ਦੁਰਵਿਵਹਾਰ ਖ਼ਿਲਾਫ਼ ਬੀਕੇਯੂ ਉਗਰਾਹਾਂ ਕਿਸਾਨ ਜਥੇਬੰਦੀ ਨੇ ਦਿੱਤਾ ਧਰਨਾ,
Publish Date: Fri, 23 Jan 2026 06:36 PM (IST)
Updated Date: Fri, 23 Jan 2026 06:39 PM (IST)

ਐੱਸਡੀਐੱਮ ਦੇ ਭਰੋਸੇ ਮਗਰੋਂ ਸ਼ਾਂਤ ਹੋਏ ਬੀਕੇਯੂ ਉਗਰਾਹਾਂ ਜੱਥੇਬੰਦੀ ਦੇ ਕਿਸਾਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਾਇਬ ਤਹਿਸੀਲਦਾਰ ਡੇਰਾਬੱਸੀ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਖ਼ਿਲਾਫ਼ ਸ਼ੁੱਕਰਵਾਰ ਨੂੰ ਬੀਕੇਯੂ ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ ਤਹਿਸੀਲ ਕੰਪਲੈਕਸ ਵਿਚ ਵਰਦੇ ਮੀਂਹ ਵਿਚ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਤਹਿਸੀਲ ਦੇ ਸਬ-ਰਜਿਸਟਰਾਰ ਦਫ਼ਤਰ ਵਿਚ ਬੈਠ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਨਾਇਬ ਤਹਿਸੀਲਦਾਰ ਦੇ ਖ਼ਿਲਾਫ਼ ਗੰਭੀਰ ਦੋਸ਼ ਲਗਾਏ। ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਭਵਿੱਖ ਵਿਚ ਅਜਿਹਾ ਨਾ ਹੋਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਗੁਰਭਜਨ ਸਿੰਘ ਧਰਮਗੜ੍ਹ, ਬੰਤ ਸਿੰਘ ਕੁਰਲੀ, ਲਖਵਿੰਦਰ ਸਿੰਘ ਲੱਖ ਸਾਧਾਂਪੁਰ, ਹਰਜਿੰਦਰ ਸਿੰਘ ਸਾਧਾਂਪੁਰ, ਗੁਰਵਿੰਦਰ ਸਿੰਘ ਖ਼ਜ਼ੂਰ ਮੰਡੀ, ਤੇਜਿੰਦਰ ਸਿੰਘ ਆਲਮਗੀਰ, ਜਵਾਲਾ ਸਿੰਘ ਖੇੜੀ ਜੱਟਾਂ, ਕਰਨੈਲ ਸਿੰਘ ਜੋਲਾ ਕਲਾਂ, ਧਰਮਿੰਦਰ ਸਿੰਘ ਜੋਲਾ ਕਲਾਂ, ਅਮਰਜੀਤ ਸਿੰਘ ਤਸਿੰਬਲੀ, ਹਰਜੀਤ ਸਿੰਘ ਬੜਾਨਾ, ਬਲਦੇਵ ਸਿੰਘ ਰੁੜਕੀ, ਕੁਲਵੀਰ ਸਿੰਘ ਅੰਬਛਪਾ, ਨਿਰਮਲ ਸਿੰਘ ਜੰਡਲੀ, ਦੇਵ ਸਿੰਘ ਮਲਕਪੁਰ, ਸੰਜੀਵ ਕੁਮਾਰ ਮਲਕਪੁਰ, ਮਹਿੰਦਰ ਸਿੰਘ ਮਲਕਪੁਰ ਸਮੇਤ ਹੋਰਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਰਕਾਰੀ ਦਫ਼ਤਰਾਂ ਵਿਚ ਆਮ ਲੋਕਾਂ ਨਾਲ ਬਦਸਲੂਕੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਦੇ ਤਹਿਸੀਲਦਾਰਾਂ ਨੂੰ ਪੈਸੇ ਮਿਲ ਜਾਂਦੇ ਹਨ, ਉਨ੍ਹਾਂ ਦੇ ਕੰਮ ਹੋ ਰਹੇ ਹਨ, ਜਦਕਿ ਆਮ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿਚ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਰੋਜ਼ਾਨਾ ਨਾਇਬ ਤਹਿਸੀਲਦਾਰ ਡੇਰਾਬੱਸੀ ਹਰਸਿਮਰਨ ਵੱਲੋਂ ਲੋਕਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਥਾਨਕ ਲੋਕ ਨਾਇਬ ਤਹਿਸੀਲਦਾਰ ਦੇ ਇਸ ਰਵੱਈਏ ਖ਼ਿਲਾਫ਼ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਉੱਚ ਅਧਿਕਾਰੀ ਵੀ ਕੋਈ ਸੁਣਵਾਈ ਨਹੀਂ ਕਰ ਰਹੇ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੋਈ ਵੀ ਕੰਮ ਲਈ ਆਓ ਤਾਂ ਉੱਡੀਕ ਕਰਨ ਦੀ ਗੱਲ ਆਖ ਕੇ ਟਾਲਦੇ ਰਹਿੰਦੇ ਹਨ, ਜਦ ਕਥਿਤ ਤੌਰ ’ਤੇ ਦਲਾਲਾਂ ਰਾਹੀਂ ਪੈਸੇ ਪਹੁੰਚ ਜਾਂਦੇ ਹਨ ਤਾਂ ਕੰਮ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਪੁੱਛਿਆ ਨਹੀਂ ਜਾਂਦਾ ਜਦਕਿ ਦਲਾਲ ਰੋਜ਼ਾਨਾ ਤਹਿਸੀਲਦਾਰ ਨਾਲ ਬੈਠੇ ਹੁੰਦੇ ਹਨ, ਜਿਸ ਤੋਂ ਸਪਸ਼ਟ ਸੰਕੇਤ ਹੈ ਕਿ ਇਨ੍ਹਾਂ ਲੋਕਾਂ ਰਾਹੀਂ ਹੀ ਪੈਸੇ ਦੇ ਕੇ ਕੰਮ ਹੋਣਗੇ। ਧਰਨੇ ਵਿਚ ਕਿਸਾਨਾਂ ਦੀ ਥਾਣਾ ਮੁਖੀ ਸੁਮਿਤ ਮੋਰ ਨਾਲ ਵੀ ਰਜਿਸਟਰੇਸ਼ਨ ਦਫ਼ਤਰ ਵਿਚ ਬੈਠਣ ਨੂੰ ਲੈ ਕੇ ਗਰਮਾ ਗਰਮੀ ਹੋਈ ਪਰ ਮੁਜ਼ਹਰਾਕਾਰੀਆਂ ਨੇ ਵਰਦੇ ਮੀਂਹ ਵਿਚ ਕੋਈ ਹੋਰ ਥਾਂ ਨਾ ਹੋਣ ਕਰਨ ਉੱਠਣ ਤੋਂ ਸਪਸ਼ਟ ਇਤਰਾਜ਼ ਪ੍ਰਗਟ ਕੀਤਾ। ਜਿਸ ਦੌਰਾਨ ਕੁਝ ਦੇਰ ਲਈ ਮਾਹੌਲ ਤਣਾਅਪੂਰਨ ਬਣਿਆ ਰਿਹਾ। ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਕਿਸਾਨਾਂ ਅਤੇ ਨਾਇਬ ਤਹਿਸੀਲਦਾਰ ਵਿਚਾਲੇ ਬੰਦ ਕਮਰਾ ਬੈਠਕ ਕਰਵਾ ਮਸਲਾ ਸੁਲਝਾਇਆ ਅਤੇ ਭਵਿੱਖ ਵਿਚ ਮੁੜ ਅਜਿਹਾ ਨਾ ਹੋਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਕਿਸਾਨਾਂ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਕਿਸੇ ਹੋਰ ਨਾਲ ਵੀ ਬਦਸਲੂਕੀ ਹੋਈ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟਣਗੇ। ਜਦੋਂ ਇਸ ਬਾਰੇ ਨਾਇਬ ਤਹਿਸੀਲਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਰਜਿਸਟਰੀ ਕਰ ਰਹੇ ਸੀ, ਜਿਸ ਦੌਰਾਨ ਕਿਸਾਨ ਆਗੂ ਨੇ ਇਕ ਦਸਤਾਵੇਜ਼ ’ਤੇ ਹਸਤਾਖ਼ਰ ਕਰਨ ਲਈ ਕਿਹਾ, ਜਿਸ ’ਤੇ ਉਨ੍ਹਾਂ ਨੇ ਕੁਝ ਦੇਰ ਲਈ ਉਡੀਕ ਕਰਨ ਲਈ ਕਿਹਾ ਪਰ ਉਹ ਗੁੱਸਾ ਮੰਨ ਗਏ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਹੀ ਇਸ ਕੁਰਸੀ ’ਤੇ ਬੈਠੇ ਹਨ ਅਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।