ਪਿੰਡ ਬਿਜਣਪੁਰ ਵਿਖੇ ਭਾਜਪਾ ਦੀ ਹੋਈ ਜਨਤਕ ਬੈਠਕ
ਪਿੰਡ ਬਿਜਣਪੁਰ ਵਿਖੇ ਭਾਜਪਾ ਦੀ ਹੋਈ ਜਨਤਕ ਬੈਠਕ,
Publish Date: Sun, 08 Feb 2026 06:05 PM (IST)
Updated Date: Sun, 08 Feb 2026 06:08 PM (IST)

ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਕੀਤਾ ਤਿੱਖਾ ਹਮਲਾ, ਪੰਜਾਬ ਡਰ ਦੇ ਪਰਛਾਵੇਂ ’ਚ ਰਹਿ ਰਿਹਾ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਰਤੀ ਜਨਤਾ ਪਾਰਟੀ ਨੇ ਡੇਰਾਬੱਸੀ ਦੇ ਨੇੜੇ ਪਿੰਡ ਬਿਜਣਪੁਰ ਵਿਖੇ ਇਕ ਵਿਸ਼ਾਲ ਜਨਤਕ ਬੈਠਕ ਕੀਤੀ, ਤਾਂ ਜੋ ਲੋਕਾਂ ਨੂੰ ਕੇਂਦਰ ਸਰਕਾਰ ਦੀ ਵੀਬੀ ਜੀ ਰਾਮ ਜੀ ਯੋਜਨਾ ਤਹਿਤ ਮਿਲਣ ਵਾਲੇ ਵਿਸ਼ੇਸ਼ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਭਾਰਤੀ ਜਨਤਾ ਪਾਰਟੀ, ਪੰਜਾਬ ਰਾਜ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਨਤਕ ਬੈਠਕ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਵੱਡੀ ਗਿਣਤੀ ’ਚ ਪਿੰਡ ਵਾਸੀਆਂ, ਸਥਾਨਕ ਨਾਗਰਿਕਾਂ ਅਤੇ ਭਾਜਪਾ ਵਰਕਰਾਂ ਨੇ ਹਿੱਸਾ ਲਿਆ। ਜਨਤਕ ਬੈਠਕ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਮੌਜੂਦਾ ਸੂਬਾ ਸਰਕਾਰ ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਨਾਗਰਿਕ ਡਰ ਦੇ ਮਾਹੌਲ ਵਿਚ ਰਹਿਣ ਲਈ ਮਜ਼ਬੂਰ ਹੈ, ਜਿਵੇਂ ਹੀ ਲੋਕ ਸਵੇਰੇ ਉੱਠਦੇ ਹਨ, ਉਹ ਕੋਈ ਅਣਸੁਖਾਵੀਂ ਖ਼ਬਰ ਸੁਣਨ ਤੋਂ ਡਰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਗਈ ਹੈ ਕਿਉਂਕਿ ਅਪਰਾਧੀਆਂ ਦਾ ਸਰਕਾਰ ਤੋਂ ਡਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸਿਰਫ਼ ਇਕ ਨਕਾਬਪੋਸ਼ ਸਰਕਾਰ ਹੈ, ਜਦੋਂ ਕਿ ਅਸਲ ਸੱਤਾ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੋਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਗਿਆ ਹੈ, ਅਤੇ ਦਿੱਲੀ ਦੇ ਲੋਕਾਂ ਦੁਆਰਾ ਰੱਦ ਕੀਤੇ ਗਏ ਆਗੂ ਹੁਣ ਪੰਜਾਬ ਵਿਚ ਸੱਤਾ ਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮਦਦ ਲਈ ਦੁਹਾਈ ਦੇ ਰਿਹਾ ਹੈ, ਅਤੇ ਸੂਬਾ ਸਰਕਾਰ ਹਰ ਮੋਰਚੇ ਤੇ ਅਸਫਲ ਰਹੀ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਿਸ਼ਿਸ਼ਟ, ਮਹਾਰਾਣੀ ਪਰਨੀਤ ਕੌਰ, ਐੱਸਐੱਮਐੱਸ ਸੰਧੂ, ਮੁਕੇਸ਼ ਗਾਂਧੀ, ਮਨਪ੍ਰੀਤ ਸਿੰਘ ਬੰਨੀ ਸੰਧੂ, ਗੁਰਦਰਸ਼ਨ ਸਿੰਘ ਸੈਣੀ ਅਤੇ ਸੰਜੀਵ ਖੰਨਾ ਨੇ ਵੀ ਜਨਤਕ ਬੈਠਕ ਨੂੰ ਸੰਬੋਧਨ ਕੀਤਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਕਿਸੇ ਤੱਕ ਪਹੁੰਚਯੋਗ ਬਣਾਉਣ ਦਾ ਸੱਦਾ ਦਿੱਤਾ।