ਸਰਕਾਰ ਚੰਡੀਗੜ੍ਹ ਦੇ ਨਵੇਂ ਐੱਸਐੱਸਪੀ ਲਈ ਗ੍ਰਹਿ ਮੰਤਰਾਲੇ ਨੂੰ ਪੈਨਲ ਭੇਜਣ ਤੋਂ ਵੀ ਪਿੱਛੇ ਹਟੀ
ਬਿਕਮਜੀਤ ਸਿੰਘ ਮਜੀਠੀਆ
Publish Date: Tue, 10 Mar 2026 06:56 PM (IST)
Updated Date: Wed, 11 Mar 2026 04:10 AM (IST)

- ਮੁੱਖ ਮੰਤਰੀ ਨੇ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਛੱਡਿਆ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਦਾਅਵੇ ਨੂੰ ਲੈ ਕੇ ਗੋਡੇ ਟੇਕ ਚੁੱਕੇ ਹਨ। ਸੂਬਾ ਸਰਕਾਰ ਚੰਡੀਗੜ੍ਹ ਦੇ ਨਵੇਂ ਐੱਸਐੱਸਪੀ ਲਈ ਗ੍ਰਹਿ ਮੰਤਰਾਲੇ ਨੂੰ ਪੈਨਲ ਭੇਜਣ ਤੋਂ ਵੀ ਪਿੱਛੇ ਹਟ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਡਰ ਦੀ ਆਈਪੀਐੱਸ ਅਧਿਕਾਰੀ ਕੰਵਰਦੀਪ ਕੌਰ ਦਾ ਚੰਡੀਗੜ੍ਹ ਦੇ ਐੱਸਐੱਸਪੀ ਵਜੋਂ ਤਿੰਨ ਸਾਲ ਦਾ ਕਾਰਜਕਾਲ ਖ਼ਤਮ ਹੋ ਗਿਆ। ਉਨ੍ਹਾਂ ਨੂੰ ਪੰਜਾਬ ਕਾਡਰ ’ਚ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਹਰਿਆਣਾ ਕਾਡਰ ਦੇ ਇਕ ਆਈਪੀਐੱਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਦਾ ਚਾਰਜ ਦੇ ਦਿੱਤਾ ਗਿਆ ਹੈ, ਕਿਉਂਕਿ ਪੰਜਾਬ ਨੇ ਕੋਈ ਪੈਨਲ ਹੀ ਨਹੀਂ ਭੇਜਿਆ, ਜਿਸ ਦਾ ਸਿੱਧਾ ਫਾਇਦਾ ਹਰਿਆਣਾ ਨੂੰ ਤੇ ਨੁਕਸਾਨ ਪੰਜਾਬ ਨੂੰ ਹੋਵੇਗਾ। ਇਸਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਤੇ ਸੂਬੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਪ੍ਰਤੀ ਗੰਭੀਰਤਾ ਬਾਰੇ ਵੀ ਖੁਲਾਸਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਇਲਾਵਾ ਚੰਡੀਗੜ੍ਹ ’ਚ ਪੰਜਾਬ ਕਾਡਰ ਵਾਲੀਆਂ ਕਈ ਪੋਸਟਾਂ ਅਜੇ ਤੱਕ ਖਾਲੀ ਪਈਆਂ ਹਨ, ਕਿਉਂਕਿ ‘ਆਪ’ ਸਰਕਾਰ ਨੇ ਉਨ੍ਹਾਂ ਲਈ ਨਵਾਂ ਪੈਨਲ ਹੀ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਨੂੰ ਲੈ ਕੇ ਗੋਡੇ ਟੇਕੇ ਜਾ ਰਹੇ ਹਨ ਅਤੇ ਇਸ ਦੌਰਾਨ ਕੇਂਦਰ ਸਰਕਾਰ ਲਗਾਤਾਰ ਹਰਿਆਣਾ ਕਾਡਰ ਦੇ ਅਧਿਕਾਰੀਆਂ ਦੀ ਗਿਣਤੀ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੌਜੂਦਾ ਹੱਕਾਂ ਤੋਂ ਪਿੱਛੇ ਹਟਦੇ ਹੋਏ ਪੰਜਾਬ ਵਿਧਾਨ ਸਭਾ ਉੱਤੇ ਦਾਅਵੇ ਨੂੰ ਵੀ ਕਮਜ਼ੋਰ ਕਰਨ ਵਾਲੀ ਬਿਆਨਬਾਜ਼ੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਦੀ ਅਸਲੀਅਤ ਸਮਝ ਚੁੱਕੇ ਹਨ ਅਤੇ ਇਸ ਪੰਜਾਬ ਵਿਰੋਧੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਕਾਹਲੇ ਹਨ।