ਪੁਲਿਸ ਦੀ ਵੱਡੀ ਸਫ਼ਲਤਾ: 7.50 ਲੱਖ ਦੀ ਚੋਰੀ ਦੀ ਵਾਰਦਾਤ ਮਹਿਜ਼ ਕੁਝ ਹੀ ਘੰਟਿਆਂ 'ਚ ਸੁਲਝਾਈ
ਕੁਰਾਲੀ ਪੁਲਿਸ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਥਾਣਾ ਸਿਟੀ ਕੁਰਾਲੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਮਲ ਵਿਚ ਲਿਆਂਦੀ ਗਈ।
Publish Date: Tue, 24 Feb 2026 11:59 AM (IST)
Updated Date: Tue, 24 Feb 2026 12:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੁਰਾਲੀ। ਕੁਰਾਲੀ ਪੁਲਿਸ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਥਾਣਾ ਸਿਟੀ ਕੁਰਾਲੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਮਲ ਵਿਚ ਲਿਆਂਦੀ ਗਈ।
ਸ਼ਿਕਾਇਤਕਰਤਾ ਜਹਾਂਗੀਰ ਅਹਿਮਦ (ਵਾਸੀ ਕੁਪਵਾੜਾ, ਜੰਮੂ-ਕਸ਼ਮੀਰ), ਜੋ ਮੌਜੂਦਾ ਸਮੇਂ ਕੁਰਾਲੀ ਦੇ ਮੋਰਿੰਡਾ ਰੋਡ ’ਤੇ ਕਿਰਾਏਦਾਰ ਵਜੋਂ ਰਹਿੰਦਾ ਹੈ, ਨੇ ਪੁਲਿਸ ਨੂੰ ਬਿਆਨ ਦਿੱਤਾ ਕਿ 21 ਫਰਵਰੀ ਨੂੰ ਉਹ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਕੰਮ ’ਤੇ ਗਿਆ ਸੀ। ਜਦੋਂ ਉਹ ਸ਼ਾਮ ਨੂੰ ਵਾਪਸ ਆਇਆ ਤਾਂ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਬੈਗ ਵਿਚ ਰੱਖੇ 7.50 ਲੱਖ ਰੁਪਏ ਗਾਇਬ ਸਨ। ਪੁਲਿਸ ਨੇ ਥਾਣਾ ਸਿਟੀ ਕੁਰਾਲੀ ਵਿਚ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।
ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ 3 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਖੁਫ਼ੀਆ ਸੂਤਰਾਂ ਦੀ ਮਦਦ ਨਾਲ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਮੁਲਜ਼ਮ ਆਮਿਰ ਨਬੀ ਡਾਰ (ਵਾਸੀ ਹੰਦਵਾਰਾ, ਜੰਮੂ-ਕਸ਼ਮੀਰ) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਚੋਰੀ ਕੀਤੀ ਗਈ ਰਕਮ ਵਿਚੋਂ 7 ਲੱਖ ਰੁਪਏ ਬਰਾਮਦ ਕਰ ਲਏ ਹਨ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।