ਵੱਡੀ ਖ਼ਬਰ: ਚੰਡੀਗੜ੍ਹ 'ਚ ਕੈਨੇਡਾ ਭੇਜੇ ਜਾ ਰਹੇ ਪਾਰਸਲਾਂ 'ਚੋਂ ਅਫੀਮ ਬਰਾਮਦ; ਸ਼ੈਂਪੂ ਦੀਆਂ ਬੋਤਲਾਂ 'ਚ ਸੀ ਲੁਕਾਇਆ ਨਸ਼ਾ
ਉਦਯੋਗਿਕ ਖੇਤਰ ਫੇਜ਼-1 ਸਥਿਤ ਡੀਟੀਡੀਸੀ ਕੰਪਨੀ ’ਚ ਕੈਨੇਡਾ ਭੇਜੇ ਜਾਣ ਵਾਲੇ ਦੋ ਸ਼ੱਕੀ ਪਾਰਸਲਾਂ ਵਿੱਚੋਂ ਅਫੀਮ ਵਰਗਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Thu, 12 Mar 2026 10:48 AM (IST)
Updated Date: Thu, 12 Mar 2026 01:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਉਦਯੋਗਿਕ ਖੇਤਰ ਫੇਜ਼-1 ਸਥਿਤ ਡੀਟੀਡੀਸੀ ਕੰਪਨੀ ’ਚ ਕੈਨੇਡਾ ਭੇਜੇ ਜਾਣ ਵਾਲੇ ਦੋ ਸ਼ੱਕੀ ਪਾਰਸਲਾਂ ਵਿੱਚੋਂ ਅਫੀਮ ਵਰਗਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੈਕਟਰ-56 ਨਿਵਾਸੀ 46 ਸਾਲਾ ਰਾਜੀਵ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਡੀਟੀਡੀਸੀ ਕੰਪਨੀ ’ਚ ਮੈਨੇਜਰ ਵਜੋਂ ਕੰਮ ਕਰਦੇ ਹਨ। ਉਹ ਆਪਣੀ ਟੀਮ ਨਾਲ ਕੰਪਨੀ ਦੇ ਸਟੋਰ ’ਚ ਪਾਰਸਲਾਂ ਨੂੰ ਅੱਗੇ ਭੇਜਣ ਦੀ ਪ੍ਰਕਿਰਿਆ ’ਚ ਲੱਗੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਇਕੋ ਜਿਹੇ ਆਕਾਰ ਦੇ ਦੋ ਪਾਰਸਲ ਨਜ਼ਰ ਆਏ। ਦੋਹਾਂ ਪਾਰਸਲਾਂ ’ਤੇ ਭੇਜਣ ਵਾਲੇ ਦਾ ਨਾਮ ਅਤੇ ਪਤਾ ਵੱਖ-ਵੱਖ ਸੀ, ਪਰ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਇੱਕੋ ਸੀ। ਇਸ ਤੋਂ ਇਲਾਵਾ ਦੋਹਾਂ ਪਾਰਸਲਾਂ ਦੇ ਰਿਸੀਵਰ ਵੀ ਵੱਖਰੇ ਸਨ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਦੋ ਵੱਖਰੇ ਪਤਿਆਂ ‘ਤੇ ਭੇਜਿਆ ਜਾਣਾ ਸੀ।
ਰਾਜੀਵ ਕੁਮਾਰ ਦੇ ਮੁਤਾਬਕ ਇਹ ਦੋਵੇਂ ਪਾਰਸਲ ਪੰਜਾਬ ਦੇ ਸੰਗਰੂਰ ਸਥਿਤ ਗੁਰੂ ਨਾਨਕ ਕੂਰੀਅਰ ਤੋਂ ਉਨ੍ਹਾਂ ਦੀ ਕੰਪਨੀ ਦੇ ਸਟੋਰ ਵਿੱਚ ਪਹੁੰਚੇ ਸਨ। ਪਾਰਸਲਾਂ ‘ਤੇ ਸ਼ੱਕ ਹੋਣ ‘ਤੇ ਉਨ੍ਹਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੰਬਰ 112 ‘ਤੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਇੰਡਸਟਰੀਅਲ ਏਰੀਆ ਫੇਜ਼-1 ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸ਼ਿਕਾਇਤਕਰਤਾ ਤੋਂ ਦੋਹਾਂ ਪਾਰਸਲ ਆਪਣੇ ਕਬਜ਼ੇ ’ਚ ਲੈ ਲਏ।
ਪੁਲਿਸ ਦੀ ਮੋਬਾਈਲ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਅਤੇ ਸਰਕਾਰੀ ਟੈਬ ਰਾਹੀਂ ਈ-ਸਾਕਸ਼ ਐਪ ਵਿੱਚ ਥਾਂ ‘ਤੇ ਹੀ ਐਂਟਰੀ ਦਰਜ ਕੀਤੀ ਗਈ। ਦੋਹਾਂ ਪਾਰਸਲਾਂ ਨੂੰ ਵੀਡੀਓਗ੍ਰਾਫੀ ਦੌਰਾਨ ਖੋਲ੍ਹਿਆ ਗਿਆ। ਪਹਿਲੇ ਪਾਰਸਲ ਨੂੰ ਖੋਲ੍ਹਣ ‘ਤੇ ਉਸ ਦੇ ਅੰਦਰ ਦੋ ਕਾਲੇ ਰੰਗ ਦੀਆਂ ਪਲਾਸਟਿਕ ਦੀਆਂ ਸ਼ੈਂਪੂ ਬੋਤਲਾਂ ਅਤੇ ਪੰਜ ਦਵਾਈਆਂ ਦੀਆਂ ਸਟ੍ਰਿਪਾਂ ਮਿਲੀਆਂ। ਜਦੋਂ ਦੂਜੀ ਬੋਤਲ ਨੂੰ ਖੋਲ੍ਹ ਕੇ ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚ ਕੀਤੀ ਗਈ ਤਾਂ ਉਸ ਵਿੱਚ ਅਫੀਮ ਵਰਗੇ ਨਸ਼ੀਲੇ ਪਦਾਰਥ ਦੀ ਪੁਸ਼ਟੀ ਹੋਈ। ਇਲੈਕਟ੍ਰਾਨਿਕ ਵਜ਼ਨ ਮਸ਼ੀਨ ਨਾਲ ਤੋਲਣ ‘ਤੇ ਪਲਾਸਟਿਕ ਕੰਟੇਨਰ ਸਮੇਤ ਇਸ ਦਾ ਕੁੱਲ ਵਜ਼ਨ ਕਰੀਬ 180 ਗ੍ਰਾਮ ਪਾਇਆ ਗਿਆ। ਪੁਲਿਸ ਨੇ ਦੋਹਾਂ ਪਾਰਸਲ ਜ਼ਬਤ ਕਰ ਲਏ ਹਨ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਪਾਰਸਲ ਬੁੱਕ ਕਰਨ ਵਾਲੇ ਵਿਅਕਤੀ ਅਤੇ ਪੂਰੇ ਨੈੱਟਵਰਕ ਬਾਰੇ ਜਾਂਚ ਕਰ ਰਹੀ ਹੈ।