ਏਮਜ਼ ਮੁਹਾਲੀ ਵਿਖੇ ਭਗਤ ਪੂਰਨ ਸਿੰਘ ਵਾਰਡ ਦਾ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਉਦਘਾਟਨ
ਏਮਜ਼ ਮੁਹਾਲੀ ਵਿਖੇ ਭਗਤ ਪੂਰਨ ਸਿੰਘ ਵਾਰਡ ਦਾ ਬੀਬੀ ਡਾ. ਇੰਦਰਜੀਤ ਕੌਰ ਵੱਲੋਂ ਉਦਘਾਟਨ
Publish Date: Tue, 03 Mar 2026 05:19 PM (IST)
Updated Date: Tue, 03 Mar 2026 05:23 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਅਤੇ ਅਟੈਚ ਸਿਵਲ ਹਸਪਤਾਲ, ਫੇਜ਼-6 ਮੁਹਾਲੀ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਅਤੇ ਲੋੜਵੰਦ ਮਰੀਜ਼ ਸਹਾਇਤਾ ਸੁਸਾਇਟੀ (ਰਜਿ.) ਏਮਜ਼, ਮੁਹਾਲੀ ਦੇ ਸਾਂਝੇ ਉਪਰਾਲੇ ਨਾਲ ਸਥਾਪਿਤ ਬੇਸਹਾਰਾ/ਲਵਾਰਿਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮਰਪਿਤ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ ਬੀਬੀ ਡਾ. ਇੰਦਰਜੀਤ ਕੌਰ (ਮੁੱਖ ਸੇਵਾਦਾਰ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.), ਅੰਮ੍ਰਿਤਸਰ) ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਡਾਇਰੈਕਟਰ ਪ੍ਰਿੰਸੀਪਲ ਡਾ. ਨਵਦੀਪ ਸੈਣੀ, ਮੈਡੀਕਲ ਸੁਪਰਡੰਟ ਡਾ. ਮਨੀਸ਼ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰਜ਼ ਡਾ. ਐੱਚਐੱਸ ਚੀਮਾ, ਡਾ. ਪਰਮਿੰਦਰਜੀਤ ਸਿੰਘ ਅਤੇ ਨਰਸਿੰਗ ਸੁਪਰਡੰਟ ਸੁਖਵਿੰਦਰ ਕੌਰ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ ਡਾ. ਇੰਦਰਜੀਤ ਕੌਰ ਦਾ ਸਵਾਗਤ ਕੀਤਾ ਗਿਆ। ਜਪੁ ਜੀ ਸਾਹਿਬ ਦਾ ਪਾਠ ਅਤੇ ਅਰਦਾਸ ਤੋਂ ਬਾਅਦ ਬੀਬੀ ਜੀ ਨੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਅਤੇ ਵਾਤਾਵਰਨ, ਪਾਣੀ ਆਦਿ ਦੀ ਸੰਭਾਲ ਅਤੇ ਪਲਾਸਟਿਕ ਦੀ ਜਗ੍ਹਾ ਕੱਪੜੇ ਦੇ ਬਣੇ ਥੈਲੇ ਵਰਤਣ ਲਈ ਜਾਗਰੂਕ ਕੀਤਾ। ਬੀਬੀ ਜੀ ਵੱਲੋਂ ਏਮਜ਼ ਮੁਹਾਲੀ ਵਿਚ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਸੰਭਾਲ ਸਬੰਧੀ ਆ ਰਹੀ ਸ਼ਤਾਬਦੀ (1927-2027) ਦੇ ਸਨਮੁੱਖ ਪੌਦਾ ਲਗਾਇਆ ਗਿਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਅੰਮ੍ਰਿਤਸਰ ਅਤੇ ਪਲਸੌਰਾ (ਚੰਡੀਗੜ੍ਹ) ਬਰਾਂਚ ਤੋਂ ਗੁਲਸ਼ਨ ਰੰਜ਼ਨ (ਮੈਡੀਕਲ ਸੋਸ਼ਲ ਵਰਕਰ) ਮਹਿੰਦਰ ਸਿੰਘ (ਇੰਚਾਰਜ, ਪਲਸੌਰਾ ਬਰਾਂਚ), ਹਰੀਸ਼ ਚੰਦ ਗੁਲਾਟੀ, ਦਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਪਾਲ ਸਿੰਘ (ਮੈਡੀਕਲ ਸੋਸ਼ਲ ਵਰਕਰ) ਹਾਜ਼ਰ ਸਨ। ਮੈਡੀਕਲ/ਸਾਇਕੈਟ੍ਰਿਕ ਸੋਸ਼ਲ ਵਰਕਰ ਅਰਸ਼ਪ੍ਰੀਤ ਸਿੰਘ ਨੇ ਏਮਜ਼ ਮੁਹਾਲੀ ਵਿਚ ਵੱਖ-ਵੱਖ ਸਮੇਂ ਦਾਖ਼ਲ ਹੋਏ ਬੇਸਹਾਰਾ/ਲਵਾਰਿਸ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਮੁੜ-ਵਸੇਬੇ ਲਈ ਪਿੰਗਲਵਾੜਾ ਸੰਸਥਾ ਬਰਾਂਚ ਪਲਸੌਰਾ (ਚੰਡੀਗੜ੍ਹ) ਵਿਚ ਭੇਜਣ ਅਤੇ ਲੋੜਵੰਦ ਮਰੀਜ਼ ਸਹਾਇਤਾ ਸੁਸਾਇਟੀ (ਰਜਿ.) ਏਮਜ਼, ਮੁਹਾਲੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਏਮਜ਼ ਮੁਹਾਲੀ ਤੋਂ ਡਾ. ਨਿਧੀ ਮਲਹੋਤਰਾ, ਡਾ. ਕਰਨਬੀਰ ਸਿੰਘ, ਡਾ. ਅਮਿਤ ਅਗਰਵਾਲ, ਡਾ. ਅਸ਼ਵਨੀ ਗੁਪਤਾ, ਡਾ. ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਕੌਰ, ਪੌਰਵੀ ਭਾਰਦਵਾਜ ਅਤੇ ਗਗਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਅਨਿਲ ਕੁਮਾਰ ਆਦਿ ਹਾਜ਼ਰ ਸਨ। ਅੰਤ ਵਿਚ ਡਾਇਰੈਕਟਰ ਪ੍ਰਿੰਸੀਪਲ ਡਾ. ਨਵਦੀਪ ਸੈਣੀ ਨੇ ਪਿੰਗਲਵਾੜਾ ਸੰਸਥਾ ਤੋਂ ਆਏ ਸਮੂਹ ਪਤਵੰਤੇ ਸੱਜਣਾਂ ਅਤੇ ਏਮਜ਼ ਤੇ ਅਟੈਚ ਸਿਵਲ ਹਸਪਤਾਲ ਮੁਹਾਲੀ ਦੇ ਸਮੂਹ ਅਫ਼ਸਰਾਂ ਅਤੇ ਫੈਕਲਟੀ ਦਾ ਧੰਨਵਾਦ ਕੀਤਾ।