ਬਾਜਵਾ ਦੇ ਬਿਆਨ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ : ਛੜਬੜ
ਬਾਜਵਾ ਦੇ ਬਿਆਨ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ : ਛੜਬੜ
Publish Date: Mon, 09 Feb 2026 07:29 PM (IST)
Updated Date: Mon, 09 Feb 2026 07:32 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਕਾਂਗਰਸ ਪਾਰਟੀ ਦਲਿਤ ਵਿਰੋਧੀ ਪਾਰਟੀ ਰਹੀ ਹੈ ਅਤੇ ਸਮੇਂ-ਸਮੇਂ ’ਤੇ ਇਸ ਨੇ ਦਲਿਤਾਂ ਖ਼ਿਲਾਫ਼ ਫ਼ੈਸਲੇ ਲਏ ਹਨ ਅਤੇ ਹੁਣ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਿਤ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਦਿੱਤੇ ਬਿਆਨ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਛੜਬੜ ਨੇ ਕਿਹਾ ਕਿ ਭਾਵੇਂ ਹਰਭਜਨ ਸਿੰਘ ਈਟੀਓ ਦੇ ਦੂਜੀ ਰਾਜਸੀ ਪਾਰਟੀ ਦੇ ਆਗੂ ਹੋਣ ਕਾਰਨ ਈਟੀਓ ਨਾਲ ਉਨ੍ਹਾਂ ਦੇ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਫਿਰ ਵੀ ਉਹ ਮੰਤਰੀ ਵਰਗੇ ਸਤਿਕਾਰਤ ਅਹੁਦੇ ’ਤੇ ਬੈਠੇ ਹੋਏ ਇੱਕ ਦਲਿਤ ਆਗੂ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਵਰਗਾ ਵਿਰੋਧੀ ਧਿਰ ਦਾ ਆਗੂ ਇੰਨੇ ਉੱਚੇ ਰੁਤਬੇ ’ਤੇ ਬੈਠੇ ਦਲਿਤ ਭਾਈਚਾਰੇ ਦੇ ਵਿਅਕਤੀ ਬਾਰੇ ਅਜਿਹੀ ਸੋਚ ਰੱਖਦਾ ਹੈ ਤਾਂ ਆਮ ਦਲਿਤ ਭਾਈਚਾਰੇ ਬਾਰੇ ਉਨ੍ਹਾਂ ਦੀ ਕੀ ਸੋਚ ਹੋਵੇਗੀ ਤੇ ਇਸ ਗੱਲ ਦਾ ਅੰਦਾਜ਼ਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਰਭਜਨ ਸਿੰਘ ਈਟੀਓ ਨੂੰ ਬੈਂਡ ਵਾਜੇ ਵਾਲਾ ਕਹਿਣ ਤੋਂ ਹੀ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ ਤੇ ਜੇ ਹਰਭਜਨ ਸਿੰਘ ਈਟੀਓ ਨੇ ਬੈਂਡ ਵਾਜਾ ਵਜ੍ਹਾ ਕੇ, ਕਿਰਤ ਕਰ ਕੇ ਆਪਣੇ ਜੀਵਨ ਵਿਚ ਬੁਲੰਦੀਆਂ ਹਾਸਲ ਕੀਤੀਆਂ ਹਨ ਤਾਂ ਇਸ ਵਿਚ ਮਿਹਣੇ ਵਾਲੀ ਕਿਹੜੀ ਗੱਲ ਹੈ। ਛੜਬੜ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਦਲਿਤ ਭਾਈਚਾਰੇ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।