ਲਾਲਜੀਤ ਭੁੱਲਰ ਖ਼ਿਲਾਫ਼ ਹੋਵੇ ਪਰਚਾ ਦਰਜ ਤੇ ਸੀਬੀਆਈ ਜਾਂਚ ਦੀ ਮੰਗ
ਭੁੱਲਰ ਖਿਲਾਫ਼ ਹੋਵੇ ਪਰਚਾ ਦਰਜ਼ ਅਤੇ ਸੀਬੀਆਈ ਜਾਂਚ ਦੀ ਮੰਗ
Publish Date: Sat, 21 Mar 2026 07:58 PM (IST)
Updated Date: Sun, 22 Mar 2026 04:14 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਗੁਰਪ੍ਰੀਤ ਔਜਲਾ, ਸਾਬਕਾ ਡਿਪਟੀ ਸੀਐੱਮ ਓਪੀ ਸੋਨੀ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਸੰਸਦ ਮੈਂਬਰ ਜਸਬੀਰ ਦਿੰਪਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਜੋਗਿੰਦਰ ਪਾਲ ਢੀਂਗਰਾ ਤੇ ਸਾਬਕਾ ਡੀਸੀਸੀ ਅਸ਼ਵਨੀ ਪੱਪੀ ਨੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੁੱਖਦਾਈ ਹਾਲਾਤ ’ਚ ਖੁਦਕੁਸ਼ੀ ਕਰ ਲਈ। ਬਾਜਵਾ ਨੇ ਕਿਹਾ ਕਿ ਮੌਤ ਦੇ ਆਲੇ-ਦੁਆਲੇ ਦੀਆਂ ਸਥਿਤੀਆਂ ਬਹੁਤ ਹੀ ਚਿੰਤਾਜਨਕ ਹਨ ਤੇ ਕਈ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ, ਜਿਨ੍ਹਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜ਼ੋਰ ਦਿੱਤਾ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜ਼ਿੰਮੇਵਾਰੀ ਹਰ ਹਾਲਤ ’ਚ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਗੰਭੀਰ ਦੋਸ਼ ਸਾਹਮਣੇ ਆਏ ਹਨ, ਜਿਵੇਂ ਕਿ ਸਰੀਰਕ ਹਿੰਸਾ, ਜ਼ਬਰਦਸਤੀ ਤੇ ਲਗਾਤਾਰ ਤੰਗ ਪਰੇਸ਼ਾਨੀ। ਰਿਪੋਰਟਾਂ ਮੁਤਾਬਕ ਗਗਨਦੀਪ ਸਿੰਘ ਰੰਧਾਵਾ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਮੰਤਰੀ ਦਾ ਨਾਮ ਲਿਆ ਤੇ ਦੋਸ਼ ਲਗਾਇਆ ਕਿ ਉਨ੍ਹਾਂ ’ਤੇ ₹10 ਲੱਖ ਦੀ ਰਿਸ਼ਵਤ ਲੈਣ ਦੀ ਝੂਠੀ ਕਬੂਲੀ ਕਰਵਾਉਣ, ਟੈਂਡਰਾਂ ’ਚ ਹੇਰਾਫੇਰੀ ਕਰਨ ਤੇ ਧਮਕੀਆਂ ਦੇਣ ਲਈ ਦਬਾਅ ਬਣਾਇਆ ਗਿਆ। ਵਿਰੋਧੀ ਧਿਰ ਦੇ ਨੇਤਾ ਵਜੋਂ ਮੇਰੀ ਪਹਿਲੀ ਮੰਗ ਹੈ ਕਿ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਤੁਰੰਤ ਐੱਫਆਈਆਰ ਦਰਜ ਕਰ ਕੇ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ।