ਪੀਐੱਚਸੀ ਘੜੂਆਂ ’ਚ ਨਾਟਕ ਰਾਹੀਂ ਜਾਗਰੂਕਤਾ ਮੁਹਿੰਮ
ਪੀਐੱਚਸੀ ਘੜੂਆਂ ਵਿਚ ਨਾਟਕ ਰਾਹੀਂ ਜਾਗਰੂਕਤਾ ਮੁਹਿੰਮ
Publish Date: Tue, 24 Mar 2026 05:36 PM (IST)
Updated Date: Tue, 24 Mar 2026 05:40 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਲੋਕਾਂ ਦੀ ਸਿਹਤ ਸੁਧਾਰ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ ਦੀ ਅਗਵਾਈ ਵਿਚ ਪ੍ਰਾਇਮਰੀ ਹੈਲਥ ਸੈਂਟਰ ਘੜੂਆਂ ਦੇ ਓਪੀਡੀ ਵਿਚ ਸਰਸਵਤੀ ਨਰਸਿੰਗ ਕਾਲਜ ਘੜੂਆਂ ਦੇ ਵਿਦਿਆਰਥੀਆਂ ਵੱਲੋਂ ਇਕ ਜਾਗਰੂਕਤਾ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀਂ ਮਰੀਜ਼ਾਂ ਨੂੰ ਮੂੰਹ ਦੀ ਸਫ਼ਾਈ ਅਤੇ ਇਸ ਦੀ ਮਹੱਤਤਾ ਬਾਰੇ ਸੌਖੇ ਢੰਗ ਨਾਲ ਜਾਣਕਾਰੀ ਦਿੱਤੀ ਗਈ। ਨਾਟਕ ਵਿਚ ਦਿਖਾਇਆ ਗਿਆ ਕਿ ਦੰਦਾਂ ਅਤੇ ਮੂੰਹ ਦੀ ਸਹੀ ਦੇਖਭਾਲ ਨਾ ਕਰਨ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਸਹੀ ਆਦਤਾਂ ਅਪਣਾਉਣ ਨਾਲ ਇਕ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਜੀਆ ਜਾ ਸਕਦਾ ਹੈ। ਇਸ ਮੌਕੇ ’ਤੇ ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੂੰਹ ਦੀ ਸਫ਼ਾਈ ਸਾਡੀ ਸਮੁੱਚੀ ਸਿਹਤ ਦਾ ਇਕ ਅਹਿਮ ਹਿੱਸਾ ਹੈ। ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਲੋਕਾਂ ਵਿਚ ਸਹੀ ਸਿਹਤ ਸਬੰਧੀ ਆਦਤਾਂ ਨੂੰ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਅਸੀਂ ਸਭ ਨੂੰ ਦਿਨ ਵਿਚ ਘੱਟੋ-ਘੱਟ ਦੋ ਵਾਰ ਦੰਦ ਸਾਫ਼ ਕਰਨ ਅਤੇ ਨਿਯਮਤ ਤੌਰ ’ਤੇ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮੈਡੀਕਲ ਅਫ਼ਸਰ (ਡੈਂਟਲ) ਡਾ. ਹਰਦੀਪ ਕੌਰ ਨੇ ਕਿਹਾ ਕਿ ਮੂੰਹ ਦੀ ਸਫ਼ਾਈ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਦੰਦਾਂ ਦੀ ਸੜਨ, ਮੂੰਹ ਦੀ ਬੂ ਅਤੇ ਮਸੂੜਿਆਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਹੀ ਤਰੀਕੇ ਨਾਲ ਦੰਦ ਸਾਫ਼ ਕਰਨ, ਮਿੱਠੀਆਂ ਚੀਜ਼ਾਂ ਘੱਟ ਵਰਤਣ ਅਤੇ ਸਮੇਂ-ਸਮੇਂ ’ਤੇ ਡੈਂਟਲ ਚੈਕਅੱਪ ਕਰਵਾਉਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ’ਤੇ ਮੈਡੀਕਲ ਅਫ਼ਸਰ ਡਾ. ਸਰੋਜ, ਡਾ. ਰਾਹੁਲ, ਸਟਾਫ਼ ਨਰਸ ਅਮਨਦੀਪ ਕੌਰ, ਸਟਾਫ਼ ਨਰਸ ਰਮਨ ਅਤੇ ਬੀਐੱਸਏ ਇਸ਼ਮੀਤ ਕੌਰ ਵੀ ਹਾਜ਼ਰ ਸਨ।