ਆਟੋ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਯਾਤਰੀ ਨੂੰ ਲੁੱਟਿਆ
ਆਟੋ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਯਾਤਰੀ ਨੂੰ ਲੁੱਟਿਆ, ਚਾਕੂ ਦੀ ਨੋਕ ’ਤੇ 25 ਹਜ਼ਾਰ ਰੁਪਏ ਲੁੱਟੇ
Publish Date: Sat, 07 Mar 2026 07:52 PM (IST)
Updated Date: Sat, 07 Mar 2026 07:57 PM (IST)

ਚਾਕੂ ਦੀ ਨੋਕ ’ਤੇ 25 ਹਜ਼ਾਰ ਰੁਪਏ ਲੁੱਟੇ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਇਕ ਆਟੋ ਚਾਲਕ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਹਿਮਾਚਲ ਜਾ ਰਹੇ ਇਕ ਯਾਤਰੀ ਨੂੰ ਚਾਕੂ ਦੀ ਨੋਕ ’ਤੇ ਲੁੱਟ ਲਿਆ। ਮੁਲਜ਼ਮਾਂ ਨੇ ਪੀੜਤ ਨਾਲ ਕੁੱਟਮਾਰ ਵੀ ਕੀਤੀ ਅਤੇ ਉਸ ਕੋਲੋਂ 25 ਹਜ਼ਾਰ ਰੁਪਏ ਨਕਦ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਦੀ ਸ਼ਿਕਾਇਤ ’ਤੇ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-56 ਦੇ ਵਸਨੀਕ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਹ ਅਸਲ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਵੇਲੇ ਉਹ ਇੱਥੇ ਕਿਰਾਏ ’ਤੇ ਰਹਿੰਦਾ ਹੈ ਅਤੇ ਮੁਹਾਲੀ ਵਿਚ ਨਿੱਜੀ ਨੌਕਰੀ ਕਰਦਾ ਹੈ। ਸ਼ੁੱਕਰਵਾਰ ਰਾਤ ਉਸਨੇ ਆਪਣੇ ਪਿੰਡ ਜਾਣਾ ਸੀ, ਜਿੱਥੇ ਉਸਦੇ ਘਰ ਦਾ ਕੰਮ ਚੱਲ ਰਿਹਾ ਹੈ। ਸ਼ਾਮ ਵੇਲੇ ਉਸਨੇ ਆਪਣੇ ਘਰ ਦੇ ਨੇੜੇ ਫੇਜ਼-6 ਤੋਂ ਇਕ ਆਟੋ ਕੀਤਾ ਸੀ। ਉਸਨੇ ਸੈਕਟਰ-43 ਬੱਸ ਅੱਡੇ ਜਾਣਾ ਸੀ ਤਾਂ ਜੋ ਉੱਥੋਂ ਹਿਮਾਚਲ ਲਈ ਬੱਸ ਫੜ ਸਕੇ। ਪੀੜਤ ਦੇ ਮੁਤਾਬਕ ਰਸਤੇ ਵਿਚ ਆਟੋ ਚਾਲਕ ਉਸਨੂੰ ਸੈਕਟਰ-42 ਦੇ ਜੰਗਲ ਵੱਲ ਲੈ ਗਿਆ, ਜਿੱਥੇ ਪਹਿਲਾਂ ਹੀ ਉਸਦੇ ਤਿੰਨ ਸਾਥੀ ਖੜ੍ਹੇ ਸਨ। ਜੰਗਲ ਨੇੜੇ ਪਹੁੰਚਦੇ ਹੀ ਆਟੋ ਚਾਲਕ ਨੇ ਵਾਹਨ ਰੋਕ ਦਿੱਤਾ ਅਤੇ ਚਾਰਾਂ ਨੇ ਮਿਲ ਕੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਉਸਦੇ ਢਿੱਡ ’ਤੇ ਚਾਕੂ ਰੱਖ ਦਿੱਤਾ ਅਤੇ ਜੇਬ ਵਿਚ ਪਏ 25 ਹਜ਼ਾਰ ਰੁਪਏ ਲੁੱਟ ਲਏ। ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।