ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਅਧਿਕਾਰੀ : ਡੀਸੀ
ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਅਧਿਕਾਰੀ : ਡੀਸੀ ਮਿੱਤਲ,
Publish Date: Mon, 20 Apr 2026 06:48 PM (IST)
Updated Date: Mon, 20 Apr 2026 06:51 PM (IST)

- ਬੈਠਕ ’ਚ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਸਬੰਧੀ ਸਥਿਤੀ ਦਾ ਲਿਆ ਜਾਇਜ਼ਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਜ਼ਿਲ੍ਹੇ ’ਚ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਹੋਈਆਂ ਬੈਠਕਾਂ ਦੌਰਾਨ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੇ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਤਾਜ਼ਾ ਸਥਿਤੀ ਪੋਰਟਲ ’ਤੇ ਸਮੇਂ ਸਿਰ ਅਪਲੋਡ ਕੀਤੀ ਜਾਵੇ। ਹਲਕਾ ਵਾਰ ਸ਼ਿਕਾਇਤਾਂ ਦੀ ਸਥਿਤੀ ’ਤੇ ਚਰਚਾ ਕਰਦਿਆਂ ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਵਿਭਾਗਾਂ ਵੱਲੋਂ ਕੀਤੇ ਨਿਬੇੜੇ ਦੀ ਟ੍ਰੇਡਰਜ਼ ਕਮਿਸ਼ਨ ਵੱਲੋਂ ਬਹੁਤ ਧਿਆਨ ਨਾਲ ਸਮੀਖਿਆ ਕੀਤੀ ਗਈ ਹੈ ਅਤੇ ਕੁੱਝ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਲਈ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸੇ ਵੀ ਸ਼ਿਕਾਇਤ ਨੂੰ ਪੋਰਟਲ ’ਤੇ ਨਿਪਟਿਆ ਦਰਸਾਉਣ ਤੋਂ ਪਹਿਲਾਂ ਸ਼ਿਕਾਇਤਕਰਤਾ ਦੀ ਲਿਖਤੀ ਸਹਿਮਤੀ ਲੈਣੀ ਯਕੀਨੀ ਬਣਾਈ ਜਾਵੇ। ਮਿੱਤਲ ਨੇ ਕਿਹਾ ਕਿ ਸਿਰਫ ਉਹੀ ਸ਼ਿਕਾਇਤਾਂ ਨਿਪਟੀਆਂ ਹੋਈਆਂ ਦਰਸਾਈਆਂ ਜਾਣ, ਜਿੱਥੇ ਸ਼ਿਕਾਇਤਕਰਤਾ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ, ਜਦਕਿ ਅਧੂਰੇ ਮਾਮਲੇ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਿਪਟਾਉਣ ਲਈ ਹੋਰ ਸਮਾਂ ਚਾਹੀਦਾ ਹੈ, ਉਨ੍ਹਾਂ ਨੂੰ ‘ਇਨ-ਪ੍ਰੋਗਰੈੱਸ’ (ਪ੍ਰਗਤੀ ਅਧੀਨ) ਹੇਠ ਰੱਖਿਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਉਲਝਣ ਨਾ ਬਣੇ। ਉਨ੍ਹਾਂ ਦੱਸਿਆ ਕਿ ਹਰ ਵਿਭਾਗ ਨੂੰ ਵੱਖ-ਵੱਖ ਲਾਗਇਨ ਆਈਡੀ ਦਿੱਤੀਆਂ ਗਈਆਂ ਹਨ, ਇਸ ਲਈ ਜੇ ਕਿਸੇ ਵਿਭਾਗ ਨੂੰ ਕਿਸੇ ਹੋਰ ਵਿਭਾਗ ਨਾਲ ਸਬੰਧਿਤ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਹ ਤੁਰੰਤ ਸਬੰਧਿਤ ਵਿਭਾਗ ਨੂੰ ਭੇਜੀ ਜਾਵੇ। ਇਸ ਮੌਕੇ ਡੀਸੀ ਨੇ ਕਿਹਾ ਕਿ ਅਧਿਕਾਰੀਆਂ ਦਾ ਧਿਆਨ ਸ਼ਿਕਾਇਤਾਂ ਦੇ ਸਮਾਂਬੱਧ ਨਿਪਟਾਰੇ ’ਤੇ ਹੋਣਾ ਚਾਹੀਦਾ ਹੈ, ਜਿਸ ਨਾਲ ਵਪਾਰ ਕਰਨ ਦੀ ਸੁਵਿਧਾ ਵਿਚ ਸੁਧਾਰ ਆਵੇਗਾ। ਜ਼ਿਆਦਾਤਰ ਸ਼ਿਕਾਇਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਲਈ ਨਾ ਤਾਂ ਵੱਧ ਖਰਚ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਵੱਡੀਆਂ ਕੋਸ਼ਿਸ਼ਾਂ ਦੀ ਅਤੇ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਹੀ ਨਿਪਟਾਇਆ ਜਾ ਸਕਦਾ ਹੈ। ਲਿਹਾਜ਼ਾ ਅਜਿਹੀਆਂ ਸ਼ਿਕਾਇਤਾਂ ਨੂੰ ਤਰਜ਼ੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਵਿਚ ਨਿਯਮਿਤ ਸਫ਼ਾਈ, ਸਟਰੀਟ ਲਾਈਟਾਂ ਦੀ ਦੇਖਭਾਲ, ਪੀਸੀਆਰ ਵਾਹਨਾਂ ਦੀ ਪੈਟਰੋਲਿੰਗ ਵਧਾਉਣ ਵਰਗੇ ਮਸਲੇ ਸ਼ਾਮਲ ਹਨ, ਜਿਨ੍ਹਾਂ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬੈਠਕ ਵਿਚ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ, ਜੁਆਇੰਟ ਕਮਿਸ਼ਨਰ ਜਸਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਸਮੇਤ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ ਅਤੇ ਵਿਧਾਨ ਸਭਾ ਹਲਕਾ ਦੇ ਚੇਅਰਮੈਨ ਅਕਵਿੰਦਰ ਸਿੰਘ ਗੋਸਲ ਅਤੇ ਯਸ਼ਵੰਤ ਬਾਂਸਲ ਖਰੜ ਆਦਿ ਮੌਜੂਦ ਸਨ।