ਕੇਜਰੀਵਾਲ ਦੀ ਲੀਡਰਸ਼ਿਪ ’ਤੇ ਖੜ੍ਹੇ ਹੋਏ ਗੰਭੀਰ ਸਵਾਲ : ਅਸ਼ਵਨੀ ਸ਼ਰਮਾ
ਕੇਜਰੀਵਾਲ ਦੀ ਲੀਡਰਸ਼ਿਪ ‘ਤੇ ਖੜ੍ਹੇ ਹੋਏ ਗੰਭੀਰ ਸਵਾਲ: ਅਸ਼ਵਨੀ ਸ਼ਰਮਾ
Publish Date: Fri, 24 Apr 2026 08:20 PM (IST)
Updated Date: Sat, 25 Apr 2026 04:11 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣਾ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ਤੇ ਉਨ੍ਹਾਂ ਦੇ ਤਾਨਾਸ਼ਾਹੀ ਰਵੱਈਏ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵੱਡੇ ਪੱਧਰ ’ਤੇ ਦਿੱਤੇ ਗਏ ਅਸਤੀਫ਼ੇ ਪਾਰਟੀ ਅੰਦਰ ਡੂੰਘੀ ਫੁੱਟ ਤੇ ਅਸੰਤੋਸ਼ ਨੂੰ ਬੇਨਕਾਬ ਕਰਦੇ ਹਨ। ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਕਠਪੁਤਲੀ ਮੁੱਖ ਮੰਤਰੀ’ ਕਿਹਾ ਤੇ ਦੱਸਿਆ ਕਿ ਉਨ੍ਹਾਂ ਹਮੇਸ਼ਾ ਦੀ ਤਰ੍ਹਾਂ ਅਸਲ ਮਸਲੇ ਤੋਂ ਧਿਆਨ ਭਟਕਾਉਣ ਲਈ ਇਧਰ-ਉਧਰ ਦੀਆਂ ਗੱਲਾਂ ਕੀਤੀਆਂ, ਬਜਾਏ ਇਸਦੇ ਕਿ ਉਹ ਅਸਲੀ ਸਵਾਲਾਂ ਦਾ ਜਵਾਬ ਦਿੰਦੇ। ਉਨ੍ਹਾਂ ਕਿਹਾ ਕਿ ਸਵਾਤੀ ਮਾਲੀਵਾਲ ਨਾਲ ਕੀਤਾ ਗਿਆ ਵਰਤਾਰਾ ਤੇ ਰਾਘਵ ਚੱਢਾ ਨਾਲ ਜੁੜਿਆ ਵਿਵਾਦ, ਇਹੋ ਜਿਹੇ ਮਸਲੇ ਹਨ, ਜਿਨ੍ਹਾਂ ਨੂੰ ਲੋਕ ਆਸਾਨੀ ਨਾਲ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ ਪੰਜਾਬ, ਕੇਜਰੀਵਾਲ ਤੇ ‘ਆਪ’ ਦੀ ਲੀਡਰਸ਼ਿਪ ਹੇਠ ਧੋਖੇ ਦਾ ਸ਼ਿਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਸ ਉਮੀਦ ਨਾਲ ਵੋਟ ਦਿੱਤਾ ਸੀ ਕਿ ਰਾਜ ‘ਤੇ ਪੰਜਾਬੀਆਂ ਦਾ ਸ਼ਾਸਨ ਹੋਵੇਗਾ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਰਹੀ ਹੈ।