ਧੋਖੇ ਨਾਲ ਖਾਤਿਆਂ ’ਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਜਣੇ ਗ੍ਰਿਫ਼ਤਾਰ
ਧੋਖਾਧੜੀ ਨਾਲ ਖਾਤਿਆਂ ’ਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ
Publish Date: Fri, 20 Mar 2026 07:41 PM (IST)
Updated Date: Sat, 21 Mar 2026 04:13 AM (IST)

* 23 ਏ.ਟੀ.ਐੱਮ. ਕਾਰਡ, ਦੋ ਲੈਪਟਾਪ, ਸੱਤ ਮੋਬਾਈਲ ਫੋਨ, ਪੰਜ ਸਿਮ ਕਾਰਡ, ਜਾਅਲੀ ਬੈਂਕ/ਕੇਵਾਈਸੀ ਦਸਤਾਵੇਜ਼, 14 ਚੈੱਕ ਬੁੱਕਾਂ ਤੇ ਉਦਯਮ ਸਰਟੀਫਿਕੇਟ, ਛੇ ਟਿਕਟਾਂ ਤੇ 5100 ਯੂਐੱਸਡੀਟੀ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਫਰਜ਼ੀ ਫੰਡਾਂ ਦੀ ਰੂਟਿੰਗ, ਲੇਅਰਿੰਗ ਤੇ ਸੈਟਲਮੈਂਟ ਕਰਨ ਲਈ ਚਾਲੂ ਬੈਂਕ ਖਾਤੇ (ਮਿਊਲ ਖਾਤੇ)- ਖੋਲ੍ਹਣ ਤੇ ਉਪਲਬਧ ਕਰਵਾਉਣ ’ਚ ਸ਼ਾਮਲ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਮਿਊਲ ਖਾਤਾ ਅਜਿਹਾ ਬੈਂਕ ਖਾਤਾ ਹੁੰਦਾ ਹੈ, ਜੋ ਅਪਰਾਧੀਆਂ ਵੱਲੋਂ ਖਾਤਾ ਧਾਰਕ ਦੀ ਜਾਣਕਾਰੀ ਤੋਂ ਬਿਨਾਂ ਜਾਂ ਕਈ ਵਾਰ ਉਸ ਦੀ ਮਿਲੀਭੁਗਤ ਨਾਲ ਗ਼ੈਰ-ਕਾਨੂੰਨੀ ਫੰਡ ਪ੍ਰਾਪਤ ਕਰਨ, ਟ੍ਰਾਂਸਫਰ ਕਰਨ ਜਾਂ ਲਾਂਡਰਿੰਗ ਕਰਨ ਲਈ ਵਰਤਿਆ ਜਾਂਦਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਗੁਰਜੀਤ ਸਿੰਘ, ਰਮਨ ਰਾਏ ਤੇ ਸੁਖਦੇਵ ਸਿੰਘ ਵਜੋਂ ਹੋਈ ਹੈ, ਜੋ ਸਾਰੇ ਫਾਜ਼ਿਲਕਾ ਦੇ ਜਲਾਲਾਬਾਦ ਵਾਸੀ ਹਨ ਅਤੇ ਮੌਜੂਦਾ ਸਮੇਂ ’ਚ ਮੋਹਾਲੀ ਦੇ ਫੇਜ਼-5 ਵਿਖੇ ਕਿਰਾਏ ਦੇ ਕਮਰੇ ਤੋਂ ‘ਬ੍ਰਦਰ ਟਰੇਡਰਜ਼’ ਦੇ ਨਾਮ ਹੇਠ ਚਾਲੂ ਬੈਂਕ ਖਾਤਿਆਂ ਰਾਹੀਂ ਸਾਈਬਰ ਧੋਖਾਧੜੀਆਂ ਕਰਨ ’ਚ ਸਰਗਰਮ ਸਨ। ਪੁਲਿਸ ਟੀਮਾਂ ਨੇ ਗਿਰੋਹ ਨਾਲ ਜੁੜੇ ਬੈਂਕ ਖਾਤਿਆਂ ’ਚ ਲਗਭਗ 20 ਲੱਖ ਰੁਪਏ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 23 ਏ.ਟੀ.ਐੱਮ. ਕਾਰਡ, ਦੋ ਲੈਪਟਾਪ, ਸੱਤ ਮੋਬਾਈਲ ਫੋਨ, ਪੰਜ ਸਿਮ ਕਾਰਡ, ਜਾਅਲੀ ਬੈਂਕ/ਕੇਵਾਈਸੀ ਦਸਤਾਵੇਜ਼, ਜਿਨ੍ਹਾਂ ’ਚ 14 ਚੈੱਕ ਬੁੱਕਾਂ ਤੇ ਉਦਯਮ ਸਰਟੀਫਿਕੇਟ, ਛੇ ਟਿਕਟਾਂ ਤੇ 5100 ਯੂਐੱਸਡੀਟੀ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ ਕੀਤੀ ਗਈ ਹੈ। ਯਾਦਵ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਪਿਛਲੇ ਦੋ ਸਾਲਾਂ ਤੋਂ ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਸਨ, ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਮਿਊਲ ਬੈਂਕ ਖਾਤੇ ਪ੍ਰਦਾਨ ਕਰ ਕੇ ਹੁਣ ਤੱਕ ਲਗਪਗ 50 ਲੱਖ ਰੁਪਏ ਦਾ ਕਮਿਸ਼ਨ ਕਮਾ ਚੁਕੇ ਹਨ। ਉਨ੍ਹਾਂ ਕਿਹਾ, ‘ਬੈਂਕ ਖਾਤੇ ਜਾਅਲੀ ਢੰਗ ਤੇ ਫਰਜ਼ੀ ਦਸਤਾਵੇਜ਼ਾਂ ਨਾਲ ਖੋਲ੍ਹੇ ਗਏ ਸਨ ਅਤੇ ਜਾਂਚ ਤੋਂ ਬਚਣ ਲਈ, ਦੋਸ਼ੀਆਂ ਨੇ ਮੋਹਾਲੀ ’ਚ ਇਕ ਕਿਰਾਏ ਦੇ ਕਮਰੇ ਵਿਚ ਉਨ੍ਹਾਂ ਫਰਜ਼ੀ ਕਾਰੋਬਾਰ ਸੈੱਟ ਕੀਤਾ ਹੋਇਆ ਸੀ ਅਤੇ ਸਮੇਂ-ਸਮੇਂ ’ਤੇ ਹੋਰਡਿੰਗ ਬਦਲਦੇ ਰਹਿੰਦੇ ਸਨ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਇਹ ਕਾਰਵਾਈ ਸਾਈਬਰ ਅਪਰਾਧ ਨੂੰ ਰੋਕਣ ਲਈ ਚੱਲ ਰਹੇ ਆਪ੍ਰੇਸ਼ਨਾਂ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਅਕਤੀ ਟੈਲੀਗ੍ਰਾਮ ਰਾਹੀਂ ਸਿੱਧੇ ਤੌਰ ’ਤੇ ਚੀਨੀ ਨਾਗਰਿਕਾਂ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੂੰ ਬੈਂਕ ਖਾਤੇ ਪ੍ਰਦਾਨ ਕਰਵਾ ਕੇ ਯੂਐੱਸਡੀਟੀ ਕ੍ਰਿਪਟੋਕਰੰਸੀ ’ਚ ਮੁਨਾਫਾ ਪ੍ਰਾਪਤ ਕਰਦੇ ਸਨ। ਉਨ੍ਹਾਂ ਕਿਹਾ ਕਿ ਆਈ4ਸੀ ਦੇ ਸਮਨਵੇ ਪੋਰਟਲ ’ਤੇ ਤਸਦੀਕ ਕੀਤੇ ਗਏ ਅੰਤਰ-ਰਾਜੀ ਲਿੰਕੇਜ ਰਾਹੀਂ ਇਹ ਮਿਊਲ ਖਾਤੇ 24 ਸਾਈਬਰ ਧੋਖਾਧੜੀ ਪੀੜਤਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ’ਚ 26.65 ਲੱਖ ਰੁਪਏ ਲੀਅਨ ਮਾਰਕ ਕਰ ਦਿੱਤੇ ਗਏ ਹਨ।