ਆਸ਼ੀਰਵਾਦ ਸਕੀਮ ਤਹਿਤ ਅਰਜ਼ੀਆਂ ਹੁਣ ਸਿਰਫ਼ ਸੇਵਾ ਕੇਂਦਰਾਂ ਰਾਹੀਂ ਹੀ ਲਈਆਂ ਜਾਣਗੀਆਂ
ਆਸ਼ੀਰਵਾਦ ਸਕੀਮ ਤਹਿਤ ਅਰਜ਼ੀਆਂ ਹੁਣ ਸਿਰਫ਼ ਸੇਵਾ ਕੇਂਦਰਾਂ ਰਾਹੀਂ ਹੀ ਲਈਆਂ ਜਾਣਗੀਆਂ
Publish Date: Sun, 01 Feb 2026 05:53 PM (IST)
Updated Date: Sun, 01 Feb 2026 05:55 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਵਿਭਾਗ ਵੱਲੋਂ ਆਸ਼ੀਰਵਾਦ ਸਕੀਮ ਦੀ ਅਰਜ਼ੀ ਪ੍ਰਕਿਰਿਆ ਵਿਚ ਪਾਰਦਰਸ਼ਤਾ, ਇਕਰੂਪਤਾ ਅਤੇ ਲਾਭਪਾਤਰੀਆਂ ਤੱਕ ਸੁਚੱਜੀ ਸੇਵਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ। ਹੁਣ ਤੱਕ ਆਸ਼ੀਰਵਾਦ ਸਕੀਮ ਤਹਿਤ ਜ਼ਿਆਦਾਤਰ ਲਾਭਪਾਤਰੀ ਨਿੱਜੀ ਸਾਈਬਰ ਕੈਫ਼ਿਆਂ ਜਾਂ ਨਿੱਜੀ ਕੰਪਿਊਟਰਾਂ ਰਾਹੀਂ ਆਨਲਾਈਨ ਅਰਜ਼ੀਆਂ ਭਰ ਰਹੇ ਸਨ, ਪਰੰਤੂ 28 ਜਨਵਰੀ, 2026 ਤੋਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਵੱਲੋਂ ਆਸ਼ੀਰਵਾਦ ਪੋਰਟਲ ’ਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸੁਵਿਧਾ ਸਿਰਫ਼ ਸੇਵਾ ਕੇਂਦਰਾਂ ਰਾਹੀਂ ਹੀ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਆਸ਼ਿਸ਼ ਕਥੂਰੀਆ ਅਨੁਸਾਰ ਹੁਣ ਤੋਂ ਤੁਰੰਤ ਪ੍ਰਭਾਵ ਨਾਲ ਨਿੱਜੀ ਸਾਈਬਰ ਕੈਫ਼ਿਆਂ ਜਾਂ ਨਿੱਜੀ ਕੰਪਿਊਟਰਾਂ ਰਾਹੀਂ ਆਸ਼ੀਰਵਾਦ ਸਕੀਮ ਲਈ ਅਰਜ਼ੀਆਂ ਕਰਨ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ। ਹੁਣ ਸਕੀਮ ਦਾ ਲਾਭ ਲੈਣ ਦੇ ਇੱਛੁਕ ਪ੍ਰਾਰਥੀ ਆਪਣੀਆਂ ਅਰਜ਼ੀਆਂ ਕੇਵਲ ਅਧਿਕਿਰਿਤ ਸੇਵਾ ਕੇਂਦਰਾਂ ਰਾਹੀਂ ਹੀ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਅਤੇ ਫੀਲਡ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਜਾਣਕਾਰੀ ਨੂੰ ਆਪਣੇ-ਆਪਣੇ ਪੱਧਰ ’ਤੇ ਆਮ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾਵੇ, ਤਾਂ ਜੋ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਹ ਵੀ ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਵਿਆਹ ਦੀ ਤਾਰੀਕ ਤੋਂ 60 ਦਿਨਾ ਦੇ ਅੰਦਰ-ਅੰਦਰ ਅਰਜ਼ੀ ਦਿੱਤੀ ਜਾ ਸਕਦੀ ਹੈ।