ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਬਜਟ ਮੱਧ ਵਰਗ ਅਤੇ ਉਦਯੋਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ: ਸਿੱਧੂ
ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਬਜਟ ਮੱਧ ਵਰਗ ਅਤੇ ਉਦਯੋਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ: ਬਲਬੀਰ ਸਿੱਧੂ
Publish Date: Sun, 01 Feb 2026 07:34 PM (IST)
Updated Date: Sun, 01 Feb 2026 07:37 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਨੀਅਰ ਪੰਜਾਬ ਕਾਂਗਰਸ ਨੇਤਾ ਅਤੇ ਸਾਬਕਾ ਪੰਜਾਬ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਬਜਟ 2026–27 ਦੀ ਤਿੱਖੀ ਆਲੋਚਨਾ ਕਰਦਿਆਂ ਇਸਨੂੰ ਨਿਰਾਸ਼ਾਜਨਕ ਅਤੇ ਪੰਜਾਬ ਵਿਰੋਧੀ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਜਟ ਕਿਸਾਨਾਂ, ਮੱਧ ਵਰਗ ਅਤੇ ਉਦਯੋਗਾਂ ਲਈ ਕੁੱਝ ਵੀ ਠੋਸ ਨਹੀਂ ਲੈ ਕੇ ਆਇਆ ਅਤੇ ਰਾਜ ਦੀ ਗੰਭੀਰ ਆਰਥਿਕ ਸਥਿਤੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੀਆਂ ਵਾਰ-ਵਾਰ ਕੀਤੀਆਂ ਮੰਗਾਂ ਦੇ ਬਾਵਜੂਦ ਬਜਟ ਵਿਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਗਈ, ਜੋ ਖੇਤੀ ’ਤੇ ਨਿਰਭਰ ਕਰੋੜਾਂ ਲੋਕਾਂ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਭਾਰੀ ਕਰਜ਼ੇ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਖੇਤੀਬਾੜੀ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਇਕ ਵਾਰ ਫਿਰ ਕੋਈ ਖ਼ਾਸ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ, ਜੋ ਕੇਂਦਰ ਸਰਕਾਰ ਦੀ ਰਾਜ ਪ੍ਰਤੀ ਸੌਤੇਲੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪੂਰੇ ਬਜਟ ਭਾਸ਼ਣ ਵਿਚ, ਖ਼ਾਸ ਕਰਕੇ ਖੇਤੀ ਨਾਲ ਜੁੜੇ ਹਿੱਸਿਆਂ ਵਿਚ, ਪੰਜਾਬ ਦਾ ਇਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ, ਜਦਕਿ ਦੇਸ਼ ਦੀ ਖੁਰਾਕ ਸੁਰੱਖਿਆ ਵਿਚ ਪੰਜਾਬ ਦੀ ਭੂਮਿਕਾ ਸਭ ਤੋਂ ਅਹਿਮ ਰਹੀ ਹੈ।” ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਜਟ ਮਹਿੰਗਾਈ ਅਤੇ ਵਧਦੀਆਂ ਕੀਮਤਾਂ ’ਤੇ ਵੀ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ, ਤੇਲ ਅਤੇ ਸੇਵਾਵਾਂ ਦੀ ਵਧਦੀ ਲਾਗਤ ਨਾਲ ਆਮ ਪਰਿਵਾਰ ਪਹਿਲਾਂ ਹੀ ਪਰੇਸ਼ਾਨ ਹਨ, ਪਰ ਇਸ ਬਜਟ ਤੋਂ ਉਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਮੱਧ ਵਰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ—ਨਾ ਤਾਂ ਕਰਾਂ ਵਿਚ ਕੋਈ ਠੋਸ ਰਾਹਤ ਦਿੱਤੀ ਗਈ ਹੈ ਅਤੇ ਨਾ ਹੀ ਰੁਜ਼ਗਾਰ ਸਿਰਜਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਿਆ ਗਿਆ ਹੈ। ਇਸਦੇ ਨਾਲ ਹੀ, ਪੰਜਾਬ ਦੇ ਉਦਯੋਗਾਂ ਅਤੇ ਐੱਮਐੱਸਐੱਮਈ ਸੈਕਟਰ ਨੂੰ ਦੁਬਾਰਾ ਜੀਵੰਤ ਕਰਨ ਲਈ ਵੀ ਕਿਸੇ ਤਰ੍ਹਾਂ ਦੀ ਟਾਰਗੇਟਡ ਸਹਾਇਤਾ ਨਹੀਂ ਦਿੱਤੀ ਗਈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਜਟ ਇਕ ਗੁਆਚਿਆ ਹੋਇਆ ਮੌਕਾ ਹੈ ਅਤੇ ਇਹ ਸਪਸ਼ਟ ਕਰਦਾ ਹੈ ਕਿ ਕੇਂਦਰ ਸਰਕਾਰ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕੱਟੀ ਹੋਈ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਅਤੇ ਇਸਦੇ ਲੋਕਾਂ ਦੇ ਹਿਤਾਂ ਨੂੰ ਇਕ ਵਾਰ ਫਿਰ ਹਾਸੀਏ ’ਤੇ ਧੱਕ ਦਿੱਤਾ ਗਿਆ ਹੈ।