ਭਗਵਾਨਪੁਰ ਇੰਡਸਟ੍ਰੀਅਲ ਏਰੀਆ ’ਚ ਫਿਰ ਚੋਰੀ ਦੀ ਕੋਸ਼ਿਸ਼
ਭਗਵਾਨਪੁਰ ਇੰਡਸਟਰੀ ਏਰੀਆ 'ਚ ਫਿਰ ਚੋਰੀ ਦੀ ਕੋਸ਼ਿਸ਼, ਇਕ ਮਹੀਨੇ 'ਚ ਵਾਪਰੀਆਂ ਅਨੇਕਾਂ ਵਾਰਦਾਤਾਂ
Publish Date: Mon, 16 Mar 2026 09:56 PM (IST)
Updated Date: Mon, 16 Mar 2026 09:58 PM (IST)

- ਇੱਕ ਮਹੀਨੇ ’ਚ ਵਾਪਰੀਆਂ ਅਨੇਕਾਂ ਵਾਰਦਾਤਾਂ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਪਿੰਡ ਭਗਵਾਨਪੁਰ ਦੇ ਇੰਡਸਟ੍ਰੀਅਲ ਏਰੀਏ ਵਿਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਇਕ ਮਹੀਨੇ ਦੌਰਾਨ ਇਲਾਕੇ ਵਿਚ ਤਿੰਨ ਤੋਂ ਚਾਰ ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਉਦਯੋਗਪਤੀਆਂ ਅਤੇ ਫੈਕਟਰੀ ਮਾਲਕਾਂ ਵਿਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰ ਚੁਸਤ ਤੇ ਪੁਲਿਸ ਸੁਸਤ, ਜਿਸ ਕਰ ਕੇ ਚੋਰ ਬੇਖ਼ੌਫ਼ ਹੋ ਕੇ ਵਾਰਦਾਤਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤਾਜ਼ਾ ਮਾਮਲਾ ਬੀਤੀ ਰਾਤ ਦਾ ਹੈ ਜਦੋਂ ਪਿੰਡ ਭਗਵਾਨਪੁਰ ਦੇ ਇੰਡਸਟ੍ਰੀਅਲ ਏਰੀਏ ਵਿਚ ਸਥਿਤ ਸ਼੍ਰੀ ਬਾਲਾਜੀ ਪੈਕਜਿੰਗ ਫੈਕਟਰੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਗਿਆਰਾਂ ਤੋਂ ਬਾਰਾਂ ਵਜੇ ਦੇ ਦਰਮਿਆਨ ਕੁਝ ਚੋਰ ਪਿੱਛੋਂ ਫੈਕਟਰੀ ਅੰਦਰ ਦਾਖ਼ਲ ਹੋਏ ਤੇ ਇਕ ਲੇਬਰ ਦੇ ਬੰਦੇ ਨੇ ਕਮਰੇ ਦਾ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਉਸ ਨੇ ਫੋਨ ’ਤੇ ਦੱਸਿਆ ਕਿ 7 ਤੋਂ 8 ਵਿਅਕਤੀ ਤਲਵਾਰਾਂ, ਡੰਡਿਆਂ ਨਾਲ ਫੈਕਟਰੀ ਅੰਦਰ ਵੜ ਗਏ ਹਨ। ਸਮਾਲ ਸਕੇਲ ਇੰਡਸਟਰੀ ਪ੍ਰਧਾਨ ਗੁਰਜੀਤ ਕੋਹਲੀ ਨੇ ਦੱਸਿਆ ਕਿ ਚੋਰ ਇਕ ਬਲੈਰੋ ਗੱਡੀ ਵਿਚ ਆਉਂਦੇ ਹਨ, ਜਿਸ ’ਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੁੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਚੋਰੀਆਂ ਦੌਰਾਨ ਵੀ ਇਹੀ ਤਰੀਕਾ ਵਰਤਿਆ ਗਿਆ ਸੀ ਅਤੇ ਸ਼ੱਕ ਹੈ ਕਿ ਇਹ ਉਹੀ ਗਿਰੋਹ ਹੈ ਜੋ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿਚ ਸਰਗਰਮ ਹੈ। ਬਿਨਾਂ ਨੰਬਰ ਪਲੇਟ ਵਾਲੀ ਬਲੈਰੋ ਗੱਡੀ ਵਿਚ ਆ ਕੇ ਚੋਰ ਰਾਤ ਦੇ ਸਮੇਂ ਫੈਕਟਰੀਆਂ ਦੀ ਰੇਕੀ ਕਰਦੇ ਹਨ ਅਤੇ ਮੌਕਾ ਮਿਲਣ ’ਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਇਸ ਵਾਰ ਚੋਰ ਆਪਣੀ ਯੋਜਨਾ ਵਿਚ ਕਾਮਯਾਬ ਨਹੀਂ ਹੋ ਸਕੇ। ਬਾਲਾਜੀ ਫੈਕਟਰੀ ਵਿਚ ਤਾਇਨਾਤ ਐਸੋਸੀਏਸ਼ਨ ਦੀ ਪ੍ਰਾਈਵੇਟ ਨਾਈਟ ਪੈਟਰੋਲਿੰਗ ਟੀਮ ਵੱਲੋਂ ਸਮੇਂ ਸਿਰ ਮੁਸ਼ਤੈਦੀ ਦਿਖਾਉਂਦੇ ਹੋਏ ਚੋਰਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਜਿਵੇਂ ਹੀ ਪੈਟਰੋਲਿੰਗ ਟੀਮ ਨੂੰ ਸ਼ੱਕੀ ਹਲਚਲ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ, ਜਿਸ ਤੋਂ ਬਾਅਦ ਚੋਰ ਗੱਡੀ ਵਿਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇੰਡਸਟ੍ਰੀਅਲ ਏਰੀਏ ਦੇ ਫੈਕਟਰੀ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਸਮੇਂ ਪੁਲਿਸ ਪੈਟਰੋਲਿੰਗ ਵਧਾਈ ਜਾਵੇ ਅਤੇ ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ਦੀ ਖ਼ਾਸ ਤੌਰ ’ਤੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਲਾਕੇ ਵਿਚ ਵੱਡੀ ਚੋਰੀ ਦੀ ਵਾਰਦਾਤ ਵੀ ਹੋ ਸਕਦੀ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਰਨ ਇਲਾਕੇ ਵਿਚ ਅਸੁਰੱਖਿਆ ਦਾ ਮਾਹੌਲ ਬਣ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਚੋਰ ਤਾਂ ਬੜੀ ਚਾਲਾਕੀ ਨਾਲ ਰਾਤ ਸਮੇਂ ਇਲਾਕੇ ਵਿਚ ਘੁੰਮ ਰਹੇ ਹਨ ਪਰ ਪੁਲਿਸ ਵੱਲੋਂ ਇਸ ਮਾਮਲੇ ਵਿਚ ਹਾਲੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਚੋਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ।