'ਸਾਮਰਾਜ ਵਿਰੋਧੀ ਸ਼ਹੀਦੀ ਦਿਹਾੜਾ' ਮਨਾਉਣ ਦਾ ਐਲਾਨ ਭਲਕ ਨੂੰ
23 ਮਾਰਚ ਨੂੰ 'ਸਾਮਰਾਜ ਵਿਰੋਧੀ ਸ਼ਹੀਦੀ ਦਿਹਾੜਾ' ਮਨਾਉਣ ਦਾ ਐਲਾਨ
Publish Date: Sat, 21 Mar 2026 07:09 PM (IST)
Updated Date: Sat, 21 Mar 2026 07:10 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਦੇ ਗੇਟ ਅੱਗੇ ਲਾਇਆ ਗਿਆ ਮੁਲਾਜ਼ਮਾਂ ਦਾ ਧਰਨਾ ਸ਼ਨਿਚਰਵਾਰ ਤੀਜੇ ਦਿਨ ਵੀ ਲਗਾਤਾਰ ਜਾਰੀ ਰਿਹਾ। ਅੱਜ ਦੇ ਧਰਨੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਜਗਤਾਰ ਸਿੰਘ ਬਟੌਲੀ (ਪੀਆਰਟੀਸੀ ਵਰਕਰ ਯੂਨੀਅਨ ਪੰਜਾਬ), ਕਿਸਾਨ ਆਗੂ ਕਰਮ ਸਿੰਘ ਬਰੌਲੀ, ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਭਗਵਾਸ (ਭਾਰਤੀ ਕਿਸਾਨ ਯੂਨੀਅਨ ਲੱਖੋਵਾਲ) ਅਤੇ ਵਿਨੋਦ ਚੁੱਘ (ਉਪ ਪ੍ਰਧਾਨ ਪੰਜਾਬ ਏਟਕ) ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਇਕ ਵੱਡਾ ਐਲਾਨ ਕੀਤਾ। ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ (ਭਾਰਤ) ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ 23 ਮਾਰਚ ਇਸ ਵਾਰ ਸਾਮਰਾਜ ਵਿਰੋਧੀ ਦਿਵਸ ਵਜੋਂ ਸੁਖਮਨੀ ਸਕੂਲ ਦੇ ਧਰਨੇ ਵਾਲੀ ਥਾਂ ਤੇ ਹੀ ਮਨਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਕੱਢੇ ਗਏ 15 ਕਰਮਚਾਰੀਆਂ ਦੀ ਤੁਰੰਤ ਬਹਾਲੀ ਕੀਤੀ ਜਾਵੇ। ਚੰਡੀਗੜ੍ਹ ਵਿਚ ਅਧਿਆਪਕਾਂ ਅਤੇ ਮੁਲਾਜ਼ਮਾਂ ਤੇ ਹੋਏ ਲਾਠੀਚਾਰਜ ਅਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਬਿਜਲੀ ਬਿੱਲ, ਬੀਜ ਬਿੱਲ, ਫ਼ਸਲਾਂ ਨਾਲ ਸਬੰਧਤ ਮਾਰੂ ਨੀਤੀਆਂ ਅਤੇ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਸਾਮਰਾਜੀ ਨੀਤੀਆਂ ਅਤੇ ਦੇਸ਼ ਵਿਰੋਧੀ ਵਪਾਰਕ ਸਮਝੌਤਿਆਂ ਦਾ ਡਟਵਾਂ ਵਿਰੋਧ ਕਰਨ ਦਾ ਅਹਿਦ ਲਿਆ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਮੈਨੇਜਮੈਂਟ ਨੇ ਆਪਣੀਆਂ ਮਨਮਾਨੀਆਂ ਬੰਦ ਨਾ ਕੀਤੀਆਂ, ਤਾਂ 23 ਮਾਰਚ ਨੂੰ ਇਕ ਵਿਸ਼ਾਲ ਇਕੱਠ ਕਰਕੇ ਮੈਨੇਜਮੈਂਟ ਤੇ ਦਬਾਅ ਵਧਾਇਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਰਿੰਦਰ ਸਿੰਘ (ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੁਹਾਲੀ) ਅਤੇ ਸਿੱਖਿਆ ਸੰਸਥਾਨ ਵਰਕਰ ਯੂਨੀਅਨ (ਏਟਕ) ਦੇ ਆਗੂਆਂ ਕਮਲਜੀਤ ਸਿੰਘ, ਬਲਜੀਤ ਸਿੰਘ ਤੇ ਸਰਵਣ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਨੌਜਵਾਨਾਂ ਨੂੰ 23 ਮਾਰਚ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ।