ਹਾਈਵੇ ’ਤੇ ਖੁੱਲ੍ਹਾ ਮੈਨਹੋਲ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇ ਰਹੇ ਧਿਆਨ
ਹਾਈਵੇ ’ਤੇ ਖੁੱਲ੍ਹਾ ਮੈਨਹੋਲ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇ ਰਹੇ ਧਿਆਨ
Publish Date: Mon, 13 Apr 2026 06:39 PM (IST)
Updated Date: Mon, 13 Apr 2026 06:43 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਐਕਸਿਸ ਬੈਂਕ ਦੇ ਬਿਲਕੁਲ ਸਾਹਮਣੇ ਡਰੇਨੇਜ਼ ਨਾਲ਼ੇ ਦਾ ਇਕ ਮੈਨਹੋਲ ਪਿਛਲੇ ਕਈ ਦਿਨਾਂ ਤੋਂ ਖੁੱਲ੍ਹਾ ਪਿਆ ਹੈ, ਜੋ ਕਿ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਖ਼ਤਰਨਾਕ ਮੈਨਹੋਲ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ। ਪਲਾਸਟਿਕ ਦੇ ਕਰੇਟ ਨਾਲ ਦਿੱਤਾ ਜਾ ਰਿਹਾ ‘ਸੁਰੱਖਿਆ’ ਦਾ ਭੁਲੇਖਾ ਪਾ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਕਿਸੇ ਵੱਡੇ ਹਾਦਸੇ ਦੇ ਡਰੋਂ ਉੱਥੇ ਮੌਜੂਦ ਲੋਕਾਂ ਨੇ ਖ਼ੁਦ ਹੀ ਇਸ ਖੁੱਲ੍ਹੇ ਮੈਨਹੋਲ ’ਤੇ ਇਕ ਪਲਾਸਟਿਕ ਦਾ ਕਰੇਟ ਰੱਖ ਕੇ ਇਸ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਦੂਰੋਂ ਆਉਂਦੇ ਵਾਹਨ ਚਾਲਕਾਂ ਨੂੰ ਖ਼ਤਰੇ ਦਾ ਅਹਿਸਾਸ ਹੋ ਸਕੇ ਪਰ ਤੇਜ਼ ਰਫ਼ਤਾਰ ਹਾਈਵੇ ਅਤੇ ਰਾਤ ਦੇ ਹਨੇਰੇ ਵਿਚ ਇਹ ਕਰੇਟ ਕਿਸੇ ਵੀ ਵੇਲੇ ਹਟ ਸਕਦਾ ਹੈ ਜਾਂ ਵਾਹਨ ਇਸ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਸਬੰਧੀ ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਸ਼ਰੇਆਮ ਦੇਖਣ ਨੂੰ ਮਿਲ ਰਹੀ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਬੰਧਿਤ ਵਿਭਾਗ ਜਾਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਨੂੰ ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਹ ਹਾਈਵੇ ਬਹੁਤ ਵਿਅਸਤ ਰਹਿੰਦਾ ਹੈ। ਜੇਕਰ ਕੋਈ ਦੁਪਹੀਆ ਵਾਹਨ ਸਵਾਰ ਇਸ ਵਿਚ ਡਿੱਗਦਾ ਹੈ, ਤਾਂ ਨਤੀਜਾ ਘਾਤਕ ਹੋ ਸਕਦਾ ਹੈ। ਡਰੇਨੇਜ਼ ਨਾਲ਼ਿਆਂ ਦੀ ਮੁਰੰਮਤ ਨਾ ਹੋਣਾ ਪ੍ਰਸ਼ਾਸਨ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢ ਰਿਹਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਪਹਿਲਾਂ ਇਸ ਮੈਨਹੋਲ ਨੂੰ ਪੱਕੇ ਤੌਰ ’ਤੇ ਢੱਕਣ ਨਾਲ ਬੰਦ ਕੀਤਾ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਜਾਂ ਇਸ ਖ਼ਬਰ ਤੋਂ ਬਾਅਦ ਹਰਕਤ ਵਿਚ ਆਉਂਦਾ ਹੈ।