ਆਲ ਇੰਡੀਆ ਸੈਣੀ ਯੂਥ ਫੈੱਡਰੇਸ਼ਨ ਨੇ ਸੁਖਬੀਰ ਬਾਦਲ ਨੂੰ ਦਿੱਤਾ ਮੰਗ ਪੱਤਰ
ਆਲ ਇੰਡੀਆ ਸੈਣੀ ਯੂਥ ਫੈਡਰੇਸ਼ਨ ਵੱਲੋਂ ਭਵਨ ਨੂੰ ਖਾਲੀ ਕਰਾਉਣ ਦੀ ਕੀਤੀ ਮੰਗ
Publish Date: Mon, 30 Mar 2026 05:22 PM (IST)
Updated Date: Mon, 30 Mar 2026 05:24 PM (IST)

- ਭਵਨ ਨੂੰ ਖਾਲੀ ਕਰਵਾਉਣ ਦੀ ਕੀਤੀ ਮੰਗ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਆਲ ਇੰਡੀਆ ਸੈਣੀ ਯੂਥ ਫੈੱਡਰੇਸ਼ਨ ਸੈਣੀ ਭਵਨ ਸੰਘਰਸ਼ ਕਮੇਟੀ ਅਤੇ ਸਮੂਹ ਸੈਣੀ ਸਮਾਜ ਡੇਰਾਬੱਸੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਇਕ ਵਿਸਥਾਰਪੂਰਵਕ ਮੰਗ ਪੱਤਰ ਸੌਂਪਦਿਆਂ ਡੇਰਾਬੱਸੀ ਦੇ ਸੈਣੀ ਭਵਨ ਵਿਚ ਨਗਰ ਕੌਂਸਲ ਵੱਲੋਂ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ੇ ਨੂੰ ਤੁਰੰਤ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ। ਵਫ਼ਦ ਦੇ ਆਗੂਆਂ ਨੇ ਬਾਦਲ ਦੇ ਧਿਆਨ ਵਿਚ ਲਿਆਂਦਾ ਕਿ ਸਾਲ 1998 ਵਿਚ ਮੌਜਾ-ਮਾਧੋਪੁਰ ਦੇ ਕਿਸਾਨਾਂ ਵੱਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਲਈ ਤਿਆਰ ਕੀਤੇ ਗਏ ਸੈਣੀ ਭਵਨ ’ਤੇ ਦਸੰਬਰ 2021 ਵਿਚ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਨਗਰ ਕੌਂਸਲ ਦਾ ਦਫ਼ਤਰ ਸ਼ਿਫਟ ਕਰ ਦਿੱਤਾ ਗਿਆ ਸੀ। ਆਗੂਆਂ ਨੇ ਦੋਸ਼ ਲਾਇਆ ਕਿ ਤਤਕਾਲੀ ਕਾਂਗਰਸੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁਰੰਮਤ ਦਾ ਝੂਠਾ ਬਹਾਨਾ ਬਣਾ ਕੇ ਸੈਣੀ ਭਾਈਚਾਰੇ ਦੇ ਸਵੈ-ਮਾਣ ਨੂੰ ਸੱਟ ਮਾਰੀ ਹੈ। ਸੈਣੀ ਸਮਾਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਭਵਨ ਵਿਚ ਪਹਿਲਾਂ ਗ਼ਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਅਤੇ ਭੋਗ ਆਦਿ ਦੇ ਪ੍ਰੋਗਰਾਮ ਕਰਦੇ ਸਨ, ਪਰ ਨਗਰ ਕੌਂਸਲ ਦਾ ਦਫ਼ਤਰ ਬਣਨ ਕਾਰਨ ਹੁਣ ਹਜ਼ਾਰਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਦੇ ਲਗਭਗ ਇਕ ਲੱਖ ਸੈਣੀ ਭਾਈਚਾਰੇ ਦੀ ਭਾਵਨਾ ਇਸ ਭਵਨ ਨਾਲ ਜੁੜੀ ਹੋਈ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੈਣੀ ਭਾਈਚਾਰੇ ਦੀ ਗੱਲ ਬਹੁਤ ਗੰਭੀਰਤਾ ਨਾਲ ਸੁਣੀ। ਵਫ਼ਦ ਨੇ ਆਸ ਪ੍ਰਗਟਾਈ ਕਿ ਪੰਜਾਬ ਵਿਚ ਬਣਨ ਵਾਲੀ ਅਗਲੀ ਸਰਕਾਰ ਵਿਚ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਵਜੋਂ ਪਹਿਲ ਦੇ ਆਧਾਰ ’ਤੇ ਇਸ ਦਫ਼ਤਰ ਨੂੰ ਸ਼ਿਫਟ ਕਰਵਾ ਕੇ ਸੈਣੀ ਭਵਨ ਨੂੰ ਸਮਾਜ ਸੇਵਾ ਲਈ ਮੁੜ ਬਹਾਲ ਕਰਨਗੇ। ਸੈਣੀ ਭਵਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸੈਣੀ ਭਵਨ ਦਾ ਹੱਕ ਵਾਪਸ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਮੂਹ ਸੈਣੀ ਭਾਈਚਾਰੇ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।