ਅਕਾਲੀ ਕੌਂਸਲਰ ਐਡਵੋਕੇਟ ਸੁਖਵੀਰ ਸਿੰਘ ਗਿੱਲ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ
ਅਕਾਲੀ ਕੌਂਸਲਰ ਐਡਵੋਕੇਟ ਸੁਖਵੀਰ ਸਿੰਘ ਗਿੱਲ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ
Publish Date: Sun, 07 Jun 2026 09:15 PM (IST)
Updated Date: Sun, 07 Jun 2026 09:17 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਦੇ ਵਾਰਡ ਨੰ. 44 ਤੋਂ ਅਕਾਲੀ ਦਲ ਦੇ ਕੌਂਸਲਰ ਐਡਵੋਕੇਟ ਸੁਖਵੀਰ ਸਿੰਘ ਗਿੱਲ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਪਿੰਡ ਲਖਨੌਰ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐੱਨਕੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ, ਸਤਿੰਦਰ ਸਿੰਘ ਗਿੱਲ ਅਤੇ ਅਜੈਪਾਲ ਸਿੰਘ ਮਿੱਡੂਖੇੜਾ ਨੇ ਹਾਜ਼ਰੀ ਭਰੀ। ਇਸ ਮੌਕੇ ਆਜ਼ਾਦ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਹਰਜਿੰਦਰ ਸਿੰਘ ਧਵਨ, ਹਰਮਨਪ੍ਰੀਤ ਸਿੰਘ ਪ੍ਰਿੰਸ, ਬਲਵਿੰਦਰ ਸਿੰਘ ਲਖਨੌਰ, ਨੰਬਰਦਾਰ ਹਰਵਿੰਦਰ ਸਿੰਘ, ਗੁਰਜੰਟ ਸਿੰਘ ਸਰਪੰਚ ਭਾਗੋਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ ਮਾਣਕ ਮਾਜਰਾ, ਜਸਵੰਤ ਸਿੰਘ ਪੂਨੀਆ, ਜਸਪਾਲ ਸਿੰਘ ਸੋਹਾਣਾ, ਪਰਮਜੀਤ ਸਿੰਘ ਗਿੱਲ, ਅਵਤਾਰ ਸਿੰਘ ਮੌਲੀ ਵੀ ਮੌਜੂਦ ਸਨ। ਇਸ ਮੌਕੇ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਬਣੇ ਐਡਵੋਕੇਟ ਸੁਖਵੀਰ ਸਿੰਘ ਗਿੱਲ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਗੂਆਂ ਨੇ ਸੁਖਵੀਰ ਸਿੰਘ ਗਿੱਲ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਮੀਦ ਜਤਾਈ ਕਿ ਉਹ ਵਾਰਡ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ। ਅਖ਼ੀਰ ਵਿਚ ਐਡਵੋਕੇਟ ਸੁਖਵੀਰ ਸਿੰਘ ਗਿੱਲ ਨੇ ਸਾਰੇ ਆਗੂਆਂ ਅਤੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦਪੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਵਾਹ ਲਗਾਉਣਗੇ।
ਸਾਬਕਾ ਅਕਾਲੀ ਵਿਧਾਇਕ ਐੱਨਕੇ ਸ਼ਰਮਾ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਨਗਰ ਨਿਗਮ ਚੋਣਾਂ ਵਿਚ ਭਾਵੇਂ ਅਕਾਲੀ ਦਲ ਨੂੰ ਬਹੁਮਤ ਹਾਸਲ ਨਹੀਂ ਕਰ ਸਕਿਆ ਪਰ ਪਹਿਲਾਂ ਦੇ ਮੁਕਾਬਲੇ ਸ਼ਹਿਰੀ ਖੇਤਰ ਵਿਚ ਅਕਾਲੀ ਦਲ ਦਾ ਵੋਟ ਬੈਂਕ ਵਧਿਆ ਹੈ। ਉਂਝ ਵੀ ਨਗਰ ਨਿਗਮ ਚੋਣਾਂ ਵਿਚ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਕਰਨ ਦਾ ਕੋਈ ਮੌਕਾ ਨਹੀਂ ਖੁੰਝਣ ਦਿੱਤਾ ਅਤੇ ਕਈ ਪੁਲਿਸ ਅਫ਼ਸਰ ਅਤੇ ਕਰਮਚਾਰੀ ਵੋਟਾਂ ਵਾਲੇ ਦਿਨ ਅਤੇ ਗਿਣਤੀ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਜੋਂ ਕੰਮ ਕਰਦੇ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਜਿਹੇ ਪੁਲਿਸ ਅਫ਼ਸਰਾਂ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਤੜਕੇ ਹੋ ਕੇ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀ ਵਿਚ ਜੁੱਟ ਜਾਣ।