ਖੇਤੀਬਾੜੀ ਵਿਭਾਗ ਨੇ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਟੀ ਕਰਵਾਈ
ਖੇਤੀਬਾੜੀ ਵਿਭਾਗ ਨੇ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਟੀ ਕਰਵਾਈ
Publish Date: Mon, 02 Mar 2026 05:33 PM (IST)
Updated Date: Mon, 02 Mar 2026 05:34 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਡੇਰਾਬੱਸੀ ਦੇ ਪਿੰਡ ਪਰਾਗਪੁਰ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਮੌਕੇ ਡਾ. ਕਲਪਨਾ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਵਿਸਥਾਰ ਰੂਪ ਵਿਚ ਦੱਸਿਆ ਅਤੇ ਝੋਨੇ ਦੀ ਥਾਂ ਮੱਕੀ ਬੀਜਣ ਨੂੰ ਜਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਦੱਸਿਆ ਗਿਆ ਕਿ ਵੱਧਦੇ ਹੋਏ ਤਾਪਮਾਨ ਤੋਂ ਕਣਕ ਦੀ ਫ਼ਸਲ ’ਤੇ ਝਾੜ ਵਿਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ ਦੀ ਸਪਰੇਅ ਕਰਨ ਲਈ ਕਿਹਾ। ਇਸ ਮੌਕੇ ਸੁਖਜੀਤ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਕਿਸਾਨ ਜ਼ਹਿਰ ਮੁਕਤ ਫ਼ਸਲਾਂ ਦੀ ਪੈਦਾਵਾਰ ਕਰ ਸਕਣ। ਗੁਰਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਵਿਚ ਸਬਸਿਡੀ ’ਤੇ ਆਏ ਹੋਈ ਜਿਪਸਮ ਬਾਰੇ ਵਿਸਥਾਰ ਰੂਪ ਵਿਚ ਦੱਸਿਆ। ਇਸ ਮੌਕੇ ਪੁਨੀਤ ਗੁਪਤਾ ਬਲਾਕ ਟੈਕਨਾਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਰੂਪ ਵਿਚ ਦੱਸਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤੀ ਦੇ ਧੰਦੇ ਦੇ ਨਾਲ-ਨਾਲ ਸਹਾਇਕ ਧੰਦਾ ਵੀ ਅਪਣਾਉਣ ਅਤੇ ਆਪਣੀ ਆਮਦਨ ਵਿਚ ਵਾਧਾ ਕਰਨ। ਇਸ ਮੌਕੇ ਮਨਜੀਤ ਸਿੰਘ ਅਸਿਸਟੈਂਟ ਟੈਕਨਾਲੋਜੀ ਮੈਨੇਜਰ ਨੇ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਬਾਰੇ ਅਤੇ ਪੀਐੱਮ ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਵਿਸਥਾਰ ਰੂਪ ਵਿਚ ਕਿਸਾਨਾਂ ਨੂੰ ਦੱਸਿਆ। ਇਸ ਮੌਕੇ ਪਿੰਡ ਦੇ ਅਗਾਂਹ ਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਮੌਜੂਦ ਸਨ ਅਤੇ ਸਾਰੇ ਸਟਾਫ਼ ਵੱਲੋਂ ਆਏ ਹੋਏ ਸਾਰੇ ਹੀ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦਫ਼ਤਰ ਦੇ ਸਟਾਫ਼ ਜਤਿੰਦਰ ਸਿੰਘ, ਸੁਖਬੀਰ ਸਿੰਘ ਅਤੇ ਅਸ਼ਵਨਦੀਪ ਸਿੰਘ ਆਦਿ ਮੌਜੂਦ ਸਨ।