KGF ਫ਼ਿਲਮ ਦੇਖ ਕੇ ਬਣਿਆ 'ਰੌਕੀ', ਫਿਰ ਡਿਜ਼ੀਟਲ ਅਰੇਸਟ ਦੇ ਨਾਮ 'ਤੇ ਠੱਗੀ ਦਾ ਖੇਡ ਸ਼ੁਰੂ
ਕੇਜੀਐਫ਼ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਨੂੰ ‘ਰੌਕੀ’ ਸਮਝਣ ਵਾਲਾ ਇੱਕ ਨੌਜਵਾਨ ਡਿਜ਼ੀਟਲ ਅਰੇਸਟ ਦੇ ਨਾਮ ’ਤੇ ਸਾਇਬਰ ਠੱਗੀ ਦਾ ਸਰਗਨਾ ਬਣ ਬੈਠਾ। ਚੰਡੀਗੜ੍ਹ ਸਾਇਬਰ ਕਰਾਈਮ ਥਾਣਾ ਪੁਲਿਸ ਨੇ ਬੁਜ਼ੁਰਗ ਪਤੀ -ਪਤਨੀ ਨਾਲ 38 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਗਿਰੋਹ ਦਾ ਮਾਸਟਰਮਾਈਂਡ ਫ਼ਜ਼ਲ ਉਰਫ਼ ਰੌਕੀ ਤਾਮਿਲਨਾਡੂ ਦੇ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Publish Date: Thu, 15 Jan 2026 02:54 PM (IST)
Updated Date: Thu, 15 Jan 2026 02:55 PM (IST)

ਚੰਡੀਗੜ੍ਹ - ਕੇਜੀਐਫ਼ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਨੂੰ ‘ਰੌਕੀ’ ਸਮਝਣ ਵਾਲਾ ਇੱਕ ਨੌਜਵਾਨ ਡਿਜ਼ੀਟਲ ਅਰੇਸਟ ਦੇ ਨਾਮ ’ਤੇ ਸਾਇਬਰ ਠੱਗੀ ਦਾ ਸਰਗਨਾ ਬਣ ਬੈਠਾ। ਚੰਡੀਗੜ੍ਹ ਸਾਇਬਰ ਕਰਾਈਮ ਥਾਣਾ ਪੁਲਿਸ ਨੇ ਬੁਜ਼ੁਰਗ ਪਤੀ -ਪਤਨੀ ਨਾਲ 38 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਗਿਰੋਹ ਦਾ ਮਾਸਟਰਮਾਈਂਡ ਫ਼ਜ਼ਲ ਉਰਫ਼ ਰੌਕੀ ਤਾਮਿਲਨਾਡੂ ਦੇ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਪੀ ਸਾਇਬਰ ਕਰਾਈਮ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਵੀਨਾ ਰਾਣੀ (29) ਅਤੇ ਸਤਨਾਮ ਸਿੰਘ (40) ਵਾਸੀ ਫ਼ਿਰੋਜ਼ਪੁਰ, ਸੁਖਦੀਪ ਸਿੰਘ ਉਰਫ਼ ਸੁਖ (28) ਅਤੇ ਧਰਮਿੰਦਰ ਸਿੰਘ ਉਰਫ਼ ਲੱਡੀ (40) ਵਾਸੀ ਫ਼ਾਜ਼ਿਲਕਾ, ਮੁਕੇਸ਼ ਉਰਫ਼ ਪ੍ਰਿੰਸ (25) ਵਾਸੀ ਸੈਕਟਰ-45 ਚੰਡੀਗੜ੍ਹ ਅਤੇ ਫ਼ਜ਼ਲ ਉਰਫ਼ ਰੌਕੀ (25) ਵਾਸੀ ਚੇਨਈ, ਤਾਮਿਲਨਾਡੂ ਵਜੋਂ ਹੋਈ ਹੈ।
ਡਿਜ਼ੀਟਲ ਅਰੇਸਟ ਦਾ ਡਰ ਦਿਖਾ ਕੇ 38 ਲੱਖ ਠੱਗੇ
ਪੀੜਤ ਕ੍ਰਿਸ਼ਨ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 7 ਜਨਵਰੀ 2026 ਨੂੰ ਸ਼ਾਮ ਕਰੀਬ 5:50 ਵਜੇ ਉਨ੍ਹਾਂ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਮੁੰਬਈ ਦੇ ਕੋਲਾਬਾ ਥਾਣੇ ਦਾ ਪੁਲਿਸ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਆਧਾਰ ਕਾਰਡ ਦੀ ਵਰਤੋਂ ਮਨੀ ਲਾਂਡਰਿੰਗ ਕੇਸ ਵਿੱਚ ਹੋਈ ਹੈ। ਦੋਸ਼ੀਆਂ ਨੇ ਸਹਿਯੋਗ ਨਾ ਕਰਨ ’ਤੇ ਗ੍ਰਿਫ਼ਤਾਰੀ ਅਤੇ ਸੰਪਤੀ ਜ਼ਬਤ ਕਰਨ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਦੋਸ਼ੀ ਵਟਸਐਪ ਵੀਡੀਓ ਕਾਲ ’ਤੇ ਪੁਲਿਸ ਦੀ ਵਰਦੀ ਪਾ ਕੇ ਗੱਲ ਕਰਨ ਲੱਗ ਪਏ ਅਤੇ ਨਕਲੀ ਅਰੇਸਟ ਵਾਰੰਟ ਤੇ ਦਸਤਾਵੇਜ਼ ਵੀ ਭੇਜੇ। ਇੰਨਾ ਹੀ ਨਹੀਂ, ਪੀੜਤ ਦੀ ਪਤਨੀ ਨੂੰ ਵੀ ਵੀਡੀਓ ਕਾਲ ਕਰ ਕੇ ਗ੍ਰਿਫ਼ਤਾਰੀ ਦੀ ਧਮਕੀ ਦਿੱਤੀ ਗਈ। ਬਾਅਦ ਵਿੱਚ ਇੱਕ ਹੋਰ ਵਿਅਕਤੀ ਨੇ ਆਪਣੇ ਆਪ ਨੂੰ ਸੀਬੀਆਈ ਡਾਇਰੈਕਟਰ ਦੱਸ ਕੇ ਡਰਾਇਆ। ਲਗਾਤਾਰ ਦਬਾਅ ਅਤੇ ਡਰ ਦੇ ਮਾਹੌਲ ਵਿੱਚ ਆ ਕੇ ਪੀੜਤ ਨੇ 7 ਤੋਂ 8 ਜਨਵਰੀ ਦਰਮਿਆਨ ਆਰਟੀਜੀਐਸ ਰਾਹੀਂ ਆਪਣੇ ਖਾਤੇ ਤੋਂ 38 ਲੱਖ ਰੁਪਏ ਟ੍ਰਾਂਸਫ਼ਰ ਕਰ ਦਿੱਤੇ।
USDT 'ਚ ਬਦਲੀ ਗਈ ਠੱਗੀ ਦੀ ਰਕਮ
ਜਾਂਚ ਵਿੱਚ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਨੂੰ ਕ੍ਰਿਪਟੋਕਰੰਸੀ (USDT) ਵਿੱਚ ਬਦਲਿਆ ਗਿਆ। ਇਸ ਲਈ ਮੁਕੇਸ਼ ਉਰਫ਼ ਪ੍ਰਿੰਸ ਦੀ ਮਦਦ ਲਈ ਗਈ, ਜਿਸਨੂੰ ਹਰ ਟ੍ਰਾਂਜ਼ੈਕਸ਼ਨ ’ਤੇ 10 ਫ਼ੀਸਦੀ ਕਮਿਸ਼ਨ ਦਿੱਤਾ ਜਾਂਦਾ ਸੀ। ਇਹ ਪੂਰੀ ਪ੍ਰਕਿਰਿਆ ਫ਼ਜ਼ਲ ਉਰਫ਼ ਰੌਕੀ ਦੇ ਨਿਰਦੇਸ਼ਾਂ ’ਤੇ ਚੇਨਈ ਤੋਂ ਚਲਾਈ ਜਾ ਰਹੀ ਸੀ।
ਪਹਿਲਾਂ ਮਹਿਲਾ, ਫਿਰ ਪੂਰਾ ਗਿਰੋਹ ਕਾਬੂ
ਟੈਕਨੀਕੀ ਸਰਵਿਲਾਂਸ ਦੇ ਆਧਾਰ ’ਤੇ 9 ਜਨਵਰੀ ਨੂੰ ਸੈਕਟਰ-32 ਚੰਡੀਗੜ੍ਹ ਤੋਂ ਵੀਨਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸਨੇ 24.50 ਲੱਖ ਰੁਪਏ ਨਿਕਲਵਾਉਣ ਅਤੇ 4.40 ਲੱਖ ਰੁਪਏ ਕਮਿਸ਼ਨ ਵਜੋਂ ਦੇਣ ਦੀ ਗੱਲ ਕਬੂਲੀ। ਇਸ ਤੋਂ ਬਾਅਦ ਸੈਕਟਰ-45/ਬੁੜੈਲ ਖੇਤਰ ਤੋਂ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਅਖ਼ੀਰਕਾਰ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਚੇਨਈ ਵਿੱਚ ਛਾਪਾ ਮਾਰ ਕੇ ਸਰਗਨਾ ਫ਼ਜ਼ਲ ਉਰਫ਼ ਰੌਕੀ ਨੂੰ ਕਾਬੂ ਕਰ ਲਿਆ ਗਿਆ। ਉਸਦੇ ਕੋਲੋਂ ਦੋ ਮੋਬਾਈਲ ਫ਼ੋਨ, ਦੋ ਲੈਪਟਾਪ, ਕਈ ਬੈਂਕ ਖਾਤਿਆਂ ਦੀਆਂ ਪਾਸਬੁੱਕਾਂ ਅਤੇ ਚੈਕਬੁੱਕਾਂ ਬਰਾਮਦ ਕੀਤੀਆਂ ਗਈਆਂ ਹਨ।
ਦੇਸ਼ ਭਰ ਵਿੱਚ ਫੈਲਿਆ ਹੋਇਆ ਸੀ ਨੈੱਟਵਰਕ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਿਰੋਹ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਬੈਂਕ ਖਾਤੇ ਖੁਲਵਾਕੇ ਸਾਇਬਰ ਠੱਗੀ ਦੀ ਰਕਮ ਨੂੰ ਕ੍ਰਿਪਟੋ ਵਿੱਚ ਬਦਲਣ ਦਾ ਨੈੱਟਵਰਕ ਤਿਆਰ ਕੀਤਾ ਹੋਇਆ ਸੀ। ਪੁਲਿਸ ਨੇ ਐਨਸੀਆਰਪੀ ਅਤੇ ਗ੍ਰਹਿ ਮੰਤਰਾਲੇ ਦੇ 14ਸੀ ਪੋਰਟਲ ਦੀ ਮਦਦ ਨਾਲ ਪੀੜਤ ਦੀ ਵੱਡੀ ਰਕਮ ਹੋਲਡ ਵੀ ਕਰਵਾ ਲਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਅੱਗੇ ਵੀ ਹੋਰ ਗ੍ਰਿਫ਼ਤਾਰੀਆਂ ਅਤੇ ਖੁਲਾਸੇ ਸੰਭਵ ਹਨ।