85-15 ਦੇ ਅਨੁਪਾਤ ਅਨੁਸਾਰ ਹੋਵੇਗਾ 13,875 ਸੀਟਾਂ ਦਾ ਦਾਖ਼ਲਾ
85-15 ਦੇ ਅਨੁਪਾਤ ਅਨੁਸਾਰ ਹੋਵੇਗਾ 13,875 ਸੀਟਾਂ ਦਾ ਦਾਖਲਾ
Publish Date: Fri, 24 Apr 2026 07:11 PM (IST)
Updated Date: Sat, 25 Apr 2026 04:11 AM (IST)

* ਪੰਜਾਬ, ਹਿਮਾਚਲ ਤੇ ਹਰਿਆਣਾ ਸਕੂਲ ਸਿੱਖਿਆ ਬੋਰਡਾਂ ਦੇ ਨਤੀਜੇ ਜਾਰੀ ਹੋਣ ਮਗਰੋਂ ਸ਼ਹਿਰ ਦੇ 42 ਸਕੂਲਾਂ ’ਚ 11ਵੀਂ ਕਲਾਸ ਦੇ ਦਾਖ਼ਲੇ ਹੋਣਗੇ * ਆਨਲਾਈਨ ਅਰਜ਼ੀ ਦੇਣ ਪਿੱਛੋਂ ਮੈਰਿਟ ਦੇ ਆਧਾਰ ’ਤੇ ਆਰਟਸ, ਸਾਇੰਸ, ਕਾਮਰਸ ਤੇ ਵੋਕੇਸ਼ਨਲ ਸੰਕਾਏ ’ਚ ਵਿਦਿਆਰਥੀ ਲੈ ਸਕਣਗੇ ਦਾਖ਼ਲਾ ਸੁਮੇਸ਼ ਠਾਕੁਰ, ਜਾਗਰਣ ਚੰਡੀਗੜ੍ਹ : ਸ਼ਹਿਰ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ’ਚ 11ਵੀਂ ਕਲਾਸ ਦੀਆਂ 13,875 ਸੀਟਾਂ ’ਤੇ 85-15 ਦੇ ਅਨੁਪਾਤ ਅਨੁਸਾਰ ਦਾਖ਼ਲਾ ਕੀਤਾ ਜਾਵੇਗਾ। ਇਹ ਦਾਖ਼ਲੇ ਪੰਜਾਬ ਸਕੂਲ ਸਿੱਖਿਆ ਬੋਰਡ, ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਨਤੀਜੇ ਐਲਾਨਣ ਮਗਰੋਂ ਕੀਤੇ ਜਾਣਗੇ। ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨਾਲ ਸੰਬੰਧਤ ਹਨ। ਸੀਬੀਐੱਸਈ ਨੇ 10ਵੀਂ ਕਲਾਸ ਦਾ ਨਤੀਜਾ ਅਪ੍ਰੈਲ ’ਚ ਹੀ ਜਾਰੀ ਕਰ ਦਿੱਤਾ ਹੈ, ਪਰ 11ਵੀਂ ਕਲਾਸ ’ਚ ਦਾਖ਼ਲੇ ਲਈ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੂੰ ਮੌਕਾ ਦੇਣਾ ਹੁੰਦਾ ਹੈ, ਜਿਸ ਕਰ ਕੇ ਦਾਖ਼ਲਾ ਪ੍ਰਕਿਰਿਆ ਜੂਨ ’ਚ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ 11ਵੀਂ ਕਲਾਸ ਦੇ ਦਾਖਲਿਆਂ ਵਿੱਚ ਕੁੱਲ ਸੀਟਾਂ ’ਚੋਂ 85 ਫੀਸਦੀ ਸੀਟਾਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਤੋਂ ਪਾਸ ਵਿਦਿਆਰਥੀਆਂ ਲਈ ਰੱਖਦਾ ਹੈ, ਜਦਕਿ ਬਾਕੀ 15 ਫ਼ੀਸਦੀ ਸੀਟਾਂ ’ਤੇ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੂੰ ਮੌਕਾ ਮਿਲਦਾ ਹੈ। ਇਹ ਦਾਖਲਾ ਮੈਰਿਟ ਦੇ ਆਧਾਰ ’ਤੇ ਕੀਤਾ ਜਾਵੇਗਾ। ਮਈ ’ਚ ਜਾਰੀ ਹੋਣਗੇ ਵੱਖ-ਵੱਖ ਸਕੂਲ ਸਿੱਖਿਆ ਬੋਰਡਾਂ ਦੇ ਨਤੀਜੇ ਸੀਬੀਐੱਸਈ ਤੋਂ ਬਾਅਦ ਪੰਜਾਬ, ਹਿਮਾਚਲ ਤੇ ਹਰਿਆਣਾ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਦੇ ਨਤੀਜੇ ਮਈ ਦੇ ਦੂਜੇ ਤੋਂ ਚੌਥੇ ਹਫ਼ਤੇ ਦੌਰਾਨ ਜਾਰੀ ਕਰਨਗੇ। ਇਸੇ ਤਰ੍ਹਾਂ ਸੀਬੀਐਸਈ 10ਵੀਂ ਕਲਾਸ ਵਿੱਚ ਕੰਪਾਰਟਮੈਂਟ ਆਏ ਜਾਂ ਅੰਕ ਵਧਾਉਣ ਦੇ ਇੱਛੁਕ ਵਿਦਿਆਰਥੀਆਂ ਲਈ 15 ਤੋਂ 21 ਮਈ ਤੱਕ ਪ੍ਰੀਖਿਆਵਾਂ ਕਰਵਾ ਰਿਹਾ ਹੈ। 21 ਮਈ ਤੱਕ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਜੂਨ ਦੇ ਤੀਜੇ ਤੋਂ ਚੌਥੇ ਹਫ਼ਤੇ ਵਿੱਚ ਆਉਣ ਦੀ ਸੰਭਾਵਨਾ ਹੈ। ਇਸ ਕਰਕੇ ਸਿੱਖਿਆ ਵਿਭਾਗ ਇਕੋ ਵਾਰ ਦਾਖਲੇ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ। ਆਨਲਾਈਨ ਕਰਨੀ ਹੋਵੇਗੀ ਅਰਜ਼ੀ 11ਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਆਨਲਾਈਨ ਅਰਜ਼ੀ ਦੇਣੀ ਪਵੇਗੀ। ਅਰਜ਼ੀ ਦੇ ਸਮੇਂ ਵਿਦਿਆਰਥੀਆਂ ਨੂੰ 5 ਤੋਂ 7 ਸਕੂਲਾਂ ਦੀ ਚੋਣ ਕਰਨੀ ਹੋਵੇਗੀ। ਵਿਦਿਆਰਥੀ ਦੀ ਮੇਰਿਟ ਦੇ ਆਧਾਰ ’ਤੇ ਉਸਨੂੰ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ। ਸ਼ਹਿਰ ਦੇ ਸਕੂਲਾਂ ਵਿੱਚ ਆਰਟਸ, ਸਾਇੰਸ, ਕਾਮਰਸ ਅਤੇ ਵੋਕੇਸ਼ਨਲ ਸੰਕਾਏ ਵਿੱਚ ਦਾਖਲੇ ਹੁੰਦੇ ਹਨ। ਕੋਟ)----11ਵੀਂ ਕਲਾਸ ਦੇ ਦਾਖਲਿਆਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਤਿਆਰ ਹੈ। 15 ਫੀਸਦੀ ਸੀਟਾਂ ਲਈ ਹੋਰ ਰਾਜਾਂ ਦੇ ਬੋਰਡਾਂ ਤੋਂ ਪਾਸ ਵਿਦਿਆਰਥੀਆਂ ਨੂੰ ਮੌਕਾ ਦੇਣਾ ਹੁੰਦਾ ਹੈ, ਇਸ ਲਈ ਇਸ ’ਤੇ ਹਾਲੇ ਵਿਚਾਰ ਚੱਲ ਰਿਹਾ ਹੈ। ਦਾਖਲਾ ਪ੍ਰਕਿਰਿਆ ਬਾਰੇ ਜਲਦੀ ਅੰਤਿਮ ਫ਼ੈਸਲਾ ਕੀਤਾ ਜਾਵੇਗਾ। - ਨਿਤੀਸ਼ ਸਿੰਗਲਾ, ਡਾਇਰੈਕਟਰ ਸਕੂਲ ਸਿੱਖਿਆ ਵਿਭਾਗ, ਚੰਡੀਗੜ੍ਹ।