ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿਚ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ
ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿਚ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ
Publish Date: Sat, 03 Jan 2026 08:33 PM (IST)
Updated Date: Sun, 04 Jan 2026 04:14 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸਿੱਖਿਆ ਵਿਭਾਗ ਵੱਲੋਂ ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ’ਚ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਾਖ਼ਲਿਆਂ ਲਈ ਵਿਭਾਗ ਦਾ ਆਨਲਾਈਨ ਪੋਰਟਲ 3 ਮਾਰਚ ਤੋਂ ਖੁੱਲ੍ਹੇਗਾ, ਜਿਸ ਰਾਹੀਂ ਵਿਦਿਆਰਥੀ 9ਵੀਂ ਤੇ 11ਵੀਂ ਕਲਾਸ ’ਚ ਦਾਖ਼ਲੇ ਲਈ 3 ਮਾਰਚ ਤੋਂ 20 ਮਾਰਚ ਤੱਕ ਰਜਿਸਟਰੇਸ਼ਨ ਕਰ ਸਕਣਗੇ। ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਵੱਲੋਂ ਦਾਖ਼ਲਿਆਂ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਦਾਖ਼ਲੇ ਲਈ ਕਾਮਨ ਦਾਖ਼ਲਾ ਟੈਸਟ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮੈਰਿਟ ਦੇ ਆਧਾਰ ’ਤੇ ਕਾਉਂਸਲਿੰਗ ਰਾਹੀਂ ਸੀਟਾਂ ਦਿੱਤੀਆਂ ਜਾਣਗੀਆਂ। ਕਾਉਂਸਲਿੰਗ ਦੀ ਤਰੀਕ ਵਿਭਾਗ ਵੱਲੋਂ ਬਾਅਦ ’ਚ ਜਾਰੀ ਕੀਤੀ ਜਾਵੇਗੀ। 8ਵੀਂ ਤੇ 10ਵੀਂ ਕਲਾਸ ’ਚ ਪੜ੍ਹ ਰਹੇ ਵਿਦਿਆਰਥੀ ਕ੍ਰਮਵਾਰ 9ਵੀਂ ਤੇ 11ਵੀਂ ਕਲਾਸ ਲਈ ਅਰਜ਼ੀ ਦੇ ਸਕਦੇ ਹਨ। ਮੁਹਾਲੀ ਜ਼ਿਲ੍ਹੇ ’ਚ ਕੁੱਲ 7 ਸਕੂਲ ਆਫ਼ ਐਮੀਨੈਂਸ ਸਥਿਤ ਹਨ, ਜਿਨ੍ਹਾਂ ’ਚ ਸਕੂਲ ਆਫ਼ ਐਮੀਨੈਂਸ ਮੁੱਲਾਂਪੁਰ, ਖਰੜ, ਫੇਜ਼-3ਬੀ1, ਬਨੂੜ, ਬਾਕਰਪੁਰ, ਡੇਰਾਬੱਸੀ ਤੇ ਫੇਜ਼-11 ਮੁਹਾਲੀ ਸ਼ਾਮਲ ਹਨ। ਇਨ੍ਹਾਂ ਸਕੂਲਾਂ ’ਚ ਦਾਖ਼ਲਾ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਵਿਭਾਗ ਮੁਤਾਬਕ 7 ਸਕੂਲ ਆਫ਼ ਐਮੀਨੈਂਸ ’ਚ 11ਵੀਂ ਕਲਾਸ ਲਈ 896 ਸੀਟਾਂ ਉਪਲੱਬਧ ਹਨ, ਜਦਕਿ 9ਵੀਂ ਕਲਾਸ ਲਈ 360 ਸੀਟਾਂ ਰੱਖੀਆਂ ਗਈਆਂ ਹਨ। 9ਵੀਂ ਕਲਾਸ ਦੀਆਂ 75 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਿਜ਼ਰਵ ਹਨ, ਜਦਕਿ 25 ਫ਼ੀਸਦੀ ਸੀਟਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਰੱਖੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਸਾਲ 2025 ਵਿਚ ਜ਼ਿਲ੍ਹੇ ਦੇ 3 ਸਕੂਲ ਆਫ਼ ਐਮੀਨੈਂਸ ਵਿਚ 9ਵੀਂ ਕਲਾਸ ਲਈ ਇਕ-ਇਕ ਨਵਾਂ ਸੈਕਸ਼ਨ ਜੋੜਿਆ ਗਿਆ ਸੀ, ਜਿਸ ਨਾਲ ਕੁੱਲ 108 ਸੀਟਾਂ ਵਿਚ ਵਾਧਾ ਹੋਇਆ। ਇਹ ਸੀਟਾਂ ਸੀਨੀਅਰ ਸੈਕੰਡਰੀ ਸਕੂਲ ਫੇਜ਼-11, ਸੀਨੀਅਰ ਸੈਕੰਡਰੀ ਸਕੂਲ ਯੂਬੀ ਅਤੇ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਚ ਵਧਾਈਆਂ ਗਈਆਂ ਸਨ। ਇਸ ਵਾਧੇ ਤੋਂ ਬਾਅਦ ਜ਼ਿਲ੍ਹੇ ਵਿਚ 9ਵੀਂ ਕਲਾਸ ਦੀਆਂ ਸੀਟਾਂ ਦੀ ਗਿਣਤੀ 360 ਹੋ ਗਈ ਹੈ।