ਉਦਘਾਟਨ ਤੋਂ ਪਹਿਲਾਂ ਹੀ ਧੂੜ ਫੱਕਦੀ ਅਭਿਮਨਿੳੂ ਦੀ ਮੂਰਤੀ ਨੁਕਸਾਨੀ, ਲੋਕਾਂ ’ਚ ਕੌਂਸਲ ਅਧਿਕਾਰੀਆਂ ਖ਼ਿਲਾਫ਼ ਰੋਸ
ਉਦਘਾਟਨ ਤੋਂ ਪਹਿਲਾਂ ਹੀ ਧੂੜ ਫੱਕਦੀ ਅਭਿਮਨਯੂ ਦੀ ਮੂਰਤੀ ਨੁਕਸਾਨੀ, ਲੋਕਾਂ ’ਚ ਕੌਂਸਲ ਅਧਿਕਾਰੀਆਂ ਖ਼ਿਲਾਫ਼ ਰੋਸ
Publish Date: Tue, 13 Jan 2026 06:11 PM (IST)
Updated Date: Tue, 13 Jan 2026 06:15 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਫਲਾਈਓਵਰ ਹੇਠਾਂ ਲਾਈ ਅਭਿਮਨਿਯੂ ਦੀ ਮੂਰਤੀ ਨੁਕਸਾਨੀ ਗਈ ਹੈ। ਇਸ ਨੂੰ ਲੈਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਸਮੇਂ ਕੌਂਸਲ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਮੂਰਤੀ ਵਿਚ ਅਭਿਮਨਿਯੂ ਦੇ ਹੱਥ ’ਚ ਫੜਿਆ ਪਹੀਆ ਛੋਟਾ ਹੋਣ ਕਾਰਨ ਉਸ ਨੂੰ ਬਦਲ ਕੇ ਵੱਡਾ ਕੀਤਾ ਜਾਣਾ ਹੈ, ਇਸ ਲਈ ਉਦਘਾਟਨ ਰੋਕਿਆ ਗਿਆ ਹੈ। ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਕਈ ਮਹੀਨਿਆਂ ਧੂੜ-ਮਿੱਟੀ ਨਾਲ ਘਿਰੀ ਮੂਰਤੀ ਦਾ ਇਕ ਹੱਥ ਵੀ ਨੁਕਸਾਨਿਆ ਗਿਆ ਹੈ। ਲੋਕਾਂ ਵਿਚ ਪ੍ਰਸ਼ਾਸਨ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਕਈ ਮਹੀਨੇ ਪਹਿਲਾਂ ਫਲਾਈਓਵਰ ਹੇਠਾਂ ਖੁਲ੍ਹੇ ’ਚ ਮੂਰਤੀ ਸਥਾਪਤ ਕੀਤੀ ਗਈ ਸੀ, ਪਰ ਅਜੇ ਤੱਕ ਉਦਘਾਟਨ ਨਹੀਂ ਹੋਇਆ। ਮੂਰਤੀ ਦੇ ਹੱਥ ਵਿਚ ਪਹੀਏ ਨੂੰ ਲੋਹੇ ਦੀ ਤਾਰ ਨਾਲ ਬੰਨ੍ਹਿਆ ਗਿਆ ਹੈ, ਜਿਸ ਕਾਰਨ ਹੱਥ ਦੀਆਂ ਉਂਗਲੀਆਂ ਟੁੱਟ ਗਈਆਂ ਹਨ। ਨੁਕਸਾਨਿਆ ਹੱਥ ਸਾਫ਼-ਸਾਫ਼ ਵਿਖਾਈ ਦੇ ਰਿਹਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਉਦਘਾਟਨ ਤੋਂ ਪਹਿਲਾਂ ਹੀ ਮੂਰਤੀ ਨੁਕਸਾਨੀ ਜਾਣ ਨਾਲ ਪੈਸਿਆਂ ਦੀ ਬਰਬਾਦੀ ਹੋਈ ਹੈ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਜਿਸ ਥੜ੍ਹੇ ’ਤੇ ਮੂਰਤੀ ਖੜ੍ਹੀ ਕੀਤੀ ਗਈ ਹੈ ਉਸ ਉਪਰ ਲੱਗੀ ਟਾਈਲਾਂ ਵੀ ਉੱਖੜ ਕੇ ਡਿੱਗ ਰਹੀਆਂ ਹਨ। ਸ਼ਹਿਰ ਵਾਸੀਆਂ ਨੇ ਦੋਸ਼ ਲਾਉਂਦੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੂਰਤੀ ਦੇ ਹੱਥ ਵਿਚ ਫੜੇ ਰੱਥ ਦੇ ਪਹੀਏ ਦਾ ਛੋਟਾ ਵੱਡਾ ਹੋਣ ਦੀ ਗੱਲ ਕਰਨਾ ਹਜ਼ਮ ਨਹੀਂ ਹੋ ਰਹੀ। ਇਸ ਬਾਰੇ ਗੱਲ ਕਰਨ ’ਤੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜੇਕਰ ਮੂਰਤੀ ਨੁਕਸਾਨੀ ਗਈ ਹੈ ਤਾਂ ਗੰਭੀਰ ਮਸਲਾ ਹੈ ਇਸ ਦੀ ਜਾਂਚ ਕਰਵਾਈ ਜਾਵੇਗੀ।