‘ਆਪ’ ਦੀ ‘ਦੋਗਲੀ ਨੀਤੀ’ ਹੋਈ ਬੇਨਕਾਬ : ਕੰਗ
‘ਆਪ’ ਦੀ ‘ਵਰਤੋ ਅਤੇ ਸੁੱਟੋ’ ਦੀ ਨੀਤੀ ਹੋਈ ਬੇਨਕਾਬ : ਕੰਗ
Publish Date: Mon, 06 Apr 2026 10:06 PM (IST)
Updated Date: Mon, 06 Apr 2026 10:08 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ
ਮੁੱਲਾਂਪੁਰ ਗਰੀਬਦਾਸ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਪਾਰਟੀ ਦੀ 'ਦੋਗਲੀ ਨੀਤੀ' ਹੁਣ ਜੱਗ-ਜ਼ਾਹਰ ਹੋ ਚੁੱਕੀ ਹੈ। ਇਸ ਮੌਕੇ ਕੰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੰਪਨੀ ਆਪਣੇ ਸੌੜੇ ਹਿੱਤਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਇਨ੍ਹਾਂ ਦੀ 'ਵਰਤੋ ਅਤੇ ਸੁੱਟੋ' ਦੀ ਨੀਤੀ ਨੇ ਹੁਣ ਰਾਘਵ ਚੱਢਾ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੰਗ ਨੇ ਕਿਹਾ ਕਿ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਅਕਸ ਦੀ ਵਰਤੋਂ ਕਰਕੇ ਆਪਣੀ ਸਿਆਸੀ ਜ਼ਮੀਨ ਤਿਆਰ ਕੀਤੀ। ਜਦੋਂ ਸੱਤਾ ਮਿਲ ਗਈ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਗਿਆ। ਅੱਜ ਅੰਨਾ ਹਜ਼ਾਰੇ ਦਾ ਨਾਮ ਲੈਣ ਵਾਲਾ ‘ਆਪ’ ਵਿਚ ਕੋਈ ਨਹੀਂ ਹੈ। ਹੁਣ ਇਹੀ ਕੁਝ ਰਾਘਵ ਚੱਢਾ ਨਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ 2022 ਵਿਚ ਪੰਜਾਬ ਅੰਦਰ ਸਰਕਾਰ ਬਣਾਉਣ ’ਚ ਅਹਿਮ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਅੱਜ ਰਾਘਵ ਚੱਢਾ 'ਤੇ ਝੂਠੇ-ਸੱਚੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਲਾਂਭੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਬਕਾ ਮੰਤਰੀ ਨੇ ਕਿਹਾ ਕਿ 2022 ਵਿਚ "ਇਕ ਮੌਕਾ" ਮੰਗ ਕੇ ਸੱਤਾ ’ਚ ਆਈ ‘ਆਪ’ ਨੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ। ਅੱਜ ਸੂਬੇ ਵਿਚ ਜੰਗਲ ਰਾਜ ਵਰਗੇ ਹਾਲਾਤ ਹਨ। ਗੈਂਗਸਟਰ ਬੇਖ਼ੌਫ਼ ਹਨ, ਸ਼ਰੇਆਮ ਕਤਲ ਹੋ ਰਹੇ ਹਨ ਅਤੇ ਨਸ਼ਾ ਤੇ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਸਿਰ ਕਰਜ਼ੇ ਦਾ ਭਾਰ ਬੇਮਿਸਾਲ ਵਧ ਗਿਆ ਹੈ ਅਤੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ। ਕੰਗ ਨੇ ਅਖ਼ੀਰ ਵਿਚ ਕਿਹਾ ਕਿ ਪੰਜਾਬ ਦੇ ਵੋਟਰ ਹੁਣ ਇਸ ਨਾਕਾਮ ਸਰਕਾਰ ਦੀ ਅਸਲੀਅਤ ਸਮਝ ਚੁੱਕੇ ਹਨ। ਲੋਕ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਸਰਕਾਰ ਨੂੰ ਚਲਦਾ ਕਰਕੇ ਸੂਬੇ ਦੇ ਭਵਿੱਖ ਨੂੰ ਬਚਾਇਆ ਜਾ ਸਕੇ।