‘ਆਪ’ ਵਿਧਾਇਕ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਦਾ ਮੇਅਰ ਲਗਭਗ ਬਣਨਾ ਤੈਅ
‘ਆਪ’ ਵਿਧਾਇਕ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਦਾ ਮੇਅਰ ਲਗਭਗ ਬਣਨਾ ਤੈਅ
Publish Date: Mon, 08 Jun 2026 07:07 PM (IST)
Updated Date: Mon, 08 Jun 2026 07:08 PM (IST)

- ਸੋਸ਼ਲ ਮੀਡੀਆ ’ਤੇ ਹੁਣੇ ਤੋਂ ਸਰਬਜੀਤ ਸਮਾਣਾ ਨੂੰ ਵਧਾਈਆਂ ਦੇਣ ਲੱਗੇ ਪ੍ਰਸ਼ੰਸਕ, ਵਸਟਐਪ ਗਰੁੱਪਾਂ ਤੇ ਫੇਸਬੁੱਕ ’ਤੇ ਵਧਾਈ ਦੇਣ ਵਾਲੀਆਂ ਪੋਸਟਾਂ ਹੋ ਰਹੀਆਂ ਨੇ ਅਪਲੋਡ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਸ਼ਹਿਰ ਵਾਸੀਆਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਮੇਅਰ ਅਤੇ ਬਾਕੀ ਅਹੁਦੇਦਾਰਾਂ ਦੀ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਚੋਣ ਹੋਵੇਗੀ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਬੀਤੀ 6 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਦਾ ਮੇਅਰ ਬਣਨਾ ਲਗਭਗ ਤੈਅ ਹੈ। ਕਾਬਿਲੇਗੌਰ ਹੈ ਕਿ ਬੀਤੀ 26 ਮਈ ਨੂੰ ਮੁਹਾਲੀ ਨਗਰ ਨਿਗਮ ਦੀ ਚੋਣ ਹੋਈ ਸੀ ਅਤੇ 29 ਮਈ ਨੂੰ ਵੋਟਾਂ ਗਿਣਤੀ ਕਰਕੇ ਉਸੇ ਦਿਨ ਨਤੀਜੇ ਐਲਾਨੇ ਗਏ ਸੀ। ਉਸ ਦਿਨ ਤੋਂ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਹਥਿਆਉਣ ਲਈ ਕਈ ਕੌਂਸਲਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਸਥਾਨਕ ਆਗੂਆਂ ਵਿਚਾਲੇ ਕੁਰਸੀ ਨੂੰ ਲੈ ਕੇ ਛਿੜੀ ਇਹ ਜੰਗ ਹੁਣ ਖ਼ਤਮ ਹੋਣ ਜਾ ਰਹੀ ਹੈ। ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੋ ਪ੍ਰਮੁੱਖ ਦਾਅਵੇਦਾਰ ਹਨ। ਸਮਾਣਾ ਤੀਜੀ ਵਾਰ ਕੌਂਸਲਰ ਚੁਣੇ ਗਏ ਹਨ, ਜਦੋਂਕਿ ਡਾ. ਆਹਲੂਵਾਲੀਆ ਪਹਿਲੀ ਵਾਰ ਕੌਂਸਲਰ ਬਣੇ ਹਨ। ਇਸ ਤੋਂ ਇਲਾਵਾ ਇਕ ਹੋਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੀ ਮੇਅਰ ਬਣਨ ਦਾ ਚਾਹਵਾਨ ਹੈ। ਉਹ ਆਪਣੇ ਪੱਧਰ ’ਤੇ ਭੰਨ-ਤੋੜ ਕਰਨ ਵਿਚ ਲੱਗਿਆ ਹੋਇਆ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਦਾ ਮੇਅਰ ਬਣਨਾ ਲਗਭਗ ਤੈਅ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀ ਇਹ ਗੱਲ ਬੜੇ ਦਾਅਵੇ ਨਾਲ ਪ੍ਰਚਾਰੀ ਜਾ ਰਹੀ ਹੈ। ਇਨਸਾਫ਼ ਪਸੰਦ ਵਿਅਕਤੀਆਂ ਅਤੇ ਵਿਧਾਇਕ ਦੇ ਸਮਰਥਕਾਂ ਨੇ ਹੁਣੇ ਤੋਂ ਸਮਾਣਾ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ‘ਆਪ’ ਵਲੰਟੀਅਰਾਂ ਸਮੇਤ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਵੀ ਮੇਅਰ ਦੀ ਚੋਣ ’ਤੇ ਟਿਕੀਆਂ ਹੋਈਆਂ ਹਨ ਅਤੇ ਹਰ ਕੋਈ ਇਹ ਜਾਣਨ ਲਈ ਉਤਾਵਲਾ ਦਿਖਾਈ ਦੇ ਰਿਹਾ ਹੈ ਕਿ ਮੇਅਰ ਦੀ ਚੇਅਰ ਕਿਸ ਕੌਂਸਲਰ ਦੇ ਹਿੱਸੇ ਆਉਂਦੀ ਹੈ। ਉਧਰ, ਆਮ ਆਦਮੀ ਪਾਰਟੀ ਦੇ ਕਰੀਬ 25 ਅਤੇ ਕੁੱਝ ਆਜ਼ਾਦ ਕੌਂਸਲਰ ਪਹਾੜਾਂ ਦੀ ਸੈਰ ’ਤੇ ਗਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਮੇਅਰ ਦੀ ਚੋਣ ਵੇਲੇ ਹੀ ਐਨ ਮੌਕੇ ਹਾਊਸ ਵਿਚ ਪਹੁੰਚਣਗੇ। ਮੁਹਾਲੀ ਨਗਰ ਨਿਗਮ ਦੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 50 ’ਚੋਂ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ, ਜਦਕਿ ਇਕ ਵੋਟ ਵਿਧਾਇਕ ਕੁਲਵੰਤ ਸਿੰਘ ਦੀ ਆਪਣੀ ਹੈ। ਕਾਂਗਰਸ ਨੂੰ 12, ਅਕਾਲੀ ਦਲ ਨੂੰ 4, ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸਨ ਅਤੇ ਚਾਰ ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਹਨ। ਚੋਣਾਂ ਦੇ ਪਹਿਲੇ ਦਿਨ ਤੋਂ ਹੀ ਸਰਬਜੀਤ ਸਿੰਘ ਸਮਾਣਾ ਦਾ ਨਾਂ ਮੇਅਰ ਦੀ ਚੇਅਰ ਲਈ ਪ੍ਰਚਾਰਿਆ ਜਾ ਰਿਹਾ ਸੀ ਪਰ ਵਾਰਡ ਨੰ. 6 ਤੋਂ ਪਹਿਲੀ ਵਾਰ ਚੋਣ ਜਿੱਤਣ ‘ਆਪ’ ਦੇ ਸੀਨੀਅਰ ਆਗੂ ਡਾ. ਸੰਨੀ ਸਿੰਘ ਆਹਲੂਵਾਲੀਆਂ ਨੇ ਮੇਅਰ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਵਿਚ ਪਕੜ ਕਾਫ਼ੀ ਮਜ਼ਬੂਤ ਦੱਸੀ ਜਾ ਰਹੀ ਹੈ ਪਰ ਉਨ੍ਹਾਂ ਕੋਲ ਪਾਰਟੀ ਦੇ ਬਾਕੀ ਕੌਂਸਲਰਾਂ ਦਾ ਸਮਰਥਨ ਨਹੀਂ ਹੈ ਕਿਉਂਕਿ ਚੋਣ ਜਿੱਤਣ ਵਾਲੇ ਬਹੁਗਿਣਤੀ ਕੌਂਸਲਰ ਵਿਧਾਇਕ ਦੇ ਨਾਲ ਹਨ ਅਤੇ ਉਹ ਹੁਣ ਵੀ ਇਕੱਠੇ ਹੀ ਗਰੁੱਪ ਬਣਾ ਕੇ ਘੁੰਮਣ ਫਿਰਨ ਗਏ ਹੋਏ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਕ ਦੋ ਨੂੰ ਛੱਡ ਕੇ ਬਾਕੀ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੂੰ ਹੀ ਮੇਅਰ ਬਣਾਉਣ ਦੇ ਹੱਕ ਵਿਚ ਹਨ। ਇਸ ਸਬੰਧੀ ਕਈ ਕੌਂਸਲਰ ਜਨਤਕ ਤੌਰ ’ਤੇ ਬਿਆਨਬਾਜ਼ੀ ਵੀ ਕਰ ਚੁੱਕੇ ਹਨ। ਮੌਜੂਦਾ ਹਾਲਾਤ ਇਹੀ ਦੱਸਦੇ ਹਨ ਕਿ ਸਰਬਜੀਤ ਸਿੰਘ ਸਮਾਣਾ ਮੁਹਾਲੀ ਦੇ ਮੇਅਰ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ। ਇਹੀ ਨਹੀਂ ਕਈ ਆਜ਼ਾਦ ਕੌਂਸਲਰ ਵੀ ਸ਼ਹਿਰ ਦੇ ਵਿਕਾਸ ਦੇ ਨਾਂ ’ਤੇ ਵਿਧਾਇਕ ਕੁਲਵੰਤ ਸਿੰਘ ਦੇ ਸੰਪਰਕ ਵਿਚ ਹਨ। ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮੇਅਰ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਲਈ ਅੰਤਿਮ ਫ਼ੈਸਲਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਹਾਈ ਕਮਾਂਡ ਨੇ ਲੈਣਾ ਹੈ। ਪਾਰਟੀ ਜਿਸ ਦੇ ਨਾਂ ’ਤੇ ਮੋਹਰ ਲਗਾਏਗੀ, ਉਸ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਅਰ ਭਾਵੇਂ ਕੋਈ ਵੀ ਬਣੇ, ਪਰ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।